asadhakhānaअसदखान
ਨਵਾਬ ਅਸਦ ਖ਼ਾਨ, ਜਿਸ ਦਾ ਖ਼ਿਤਾਬ ਆਸਫੁੱਦੌਲਾ ਸੀ. ਇਸ ਦਾ ਪਹਿਲਾ ਨਾਉਂ ਇਬਰਾਹੀਮ ਸੀ. ਇਹ ਸ਼ਾਹਜਹਾਂ ਦੇ ਵੇਲੇ ਚਾਰ ਹਜ਼ਾਰੀ ਅਤੇ ਸੱਤ ਹਜ਼ਾਰੀ ਮਨਸਬਦਾਰ ਰਿਹਾ. ਬੰਦਾ ਬਾਹੁਦਰ ਦੇ ਮੁੰਢਲੇ ਜੰਗਾਂ ਵੇਲੇ ਇਹ ਦਿੱਲੀ ਦਾ ਸੂਬਾ ਸੀ. ਬਹਾਦੁਰ ਸ਼ਾਹ ਨੇ ਇਸ ਨੂੰ ਵਕੀਲ ਮੁਤ਼ਲਕ਼ ਥਾਪਿਆ, ਜੋ ਵਜ਼ਾਰਤ ਤੋਂ ਭੀ ਉੱਚੀ ਪਦਵੀ ਸੀ. ਇਸ ਦਾ ਦੇਹਾਂਤ ਸਨ ੧੭੧੭ ਵਿੱਚ ਹੋਇਆ.
नवाब असद ख़ान, जिस दा ख़िताब आसफुॱदौला सी. इस दा पहिला नाउं इबराहीम सी. इह शाहजहां दे वेले चार हज़ारी अते सॱत हज़ारी मनसबदार रिहा. बंदा बाहुदर दे मुंढले जंगां वेले इह दिॱली दा सूबा सी. बहादुर शाह ने इस नूं वकील मुत़लक़ थापिआ, जो वज़ारत तों भी उॱची पदवी सी. इस दा देहांत सन १७१७ विॱच होइआ.
ਦੇਖੋ, ਨਬਾਬ....
ਫ਼ਾ. [خان] ਖ਼ਾਨ. ਸੰਗ੍ਯਾ- ਰਈਸ. ਅਮੀਰ. "ਸੁਲਤਾਨ ਖਾਨ ਮਲੂਕ ਉਮਰੇ." (ਸ੍ਰੀ ਅਃ ਮਃ ੧) ੨. ਘਰ. ਖ਼ਾਨਹ. "ਕਾਹੂੰ ਗਰੀ ਗੋਦਰੀ ਨਾਹੀ ਕਾਹੂੰ ਖਾਨ ਪਰਾਰਾ." (ਆਸਾ ਕਬੀਰ) ਕਿਸੇ ਪਾਸ ਪਾਟੀ ਗੋਦੜੀ ਨਹੀਂ, ਕਿਸੇ ਦੇ ਪਾਯਦਾਰ ਘਰ ਹਨ. ਦੇਖੋ, ਪਰਾਰਾ। ੩. ਕੁਟੰਬ. ਪਰਿਵਾਰ. "ਜੈਸੇ ਘਰ ਲਾਗੈ ਆਗਿ ਭਾਗ ਨਿਕਸਤ ਖਾਨ." (ਭਾਗੁ ਕ) ੪. ਸ਼ਹਿਦ ਦੀ ਮੱਖੀਆਂ ਦਾ ਛੱਤਾ। ੫. ਪਠਾਣਾਂ ਦੀ ਉਪਾਧਿ (ਪਦਵੀ). ੬. ਸੰ. ਖਾਣਾ. "ਸਭਿ ਖੁਸੀਆ ਸਭਿ ਖਾਨ." (ਵਾਰ ਸਾਰ ਮਃ ੧) ੭. ਦੇਖੋ, ਖਾਨਿ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਖਤਾਬ....
ਦੇਖੋ, ਪਹਲਾ। ੨. ਕ੍ਰਿ. ਵਿ- ਪਹਲੇ. ਪੇਸ਼ਤਰ. ਪਹਿਲਾਂ. "ਪਹਿਲਾ ਸੁਚਾ ਆਪਿ ਹੁਇ." (ਵਾਰ ਆਸਾ)...
ਅ਼. [ابراہیِم] ਹੀ. ਅਬਰਾਹਮ. Abraham. ਵਿ- ਕ਼ੌਮ ਦਾ ਬਾਨੀ. ਵੰਸ਼ ਦਾ ਮੁਖੀਆ। ੨. ਸੰਗ੍ਯਾ- ਬਾਈਬਲ ਅਤੇ ਕੁਰਾਨ ਅਨੁਸਾਰ ਖੁਦਾ ਵੱਲੋਂ ਭੇਜਿਆ ਹੋਇਆ ਇੱਕ ਪੈਗੰਬਰ, ਜੋ ਨੂਹ ਦੀ ੧੧. ਵੀਂ ਪੀੜ੍ਹੀ ਵਿੱਚੋਂ ਆਜ਼ਰ (ਤੇਰਾਹ) ਦਾ ਪੁਤ੍ਰ ਸੀ. ਇਬਰਾਹੀਮ ਦੀ ਪਹਿਲੀ ਇਸਤ੍ਰੀ "ਸਾਰਾਹ" ਸੀ, ਜਿਸ ਦੇ ਔਲਾਦ ਨਹੀਂ ਸੀ. ਫੇਰ ਇਬਰਾਹੀਮ ਨੇ "ਹਾਜਿਰਾ" (Hagar) ਨਾਮਕ ਗੋਲੀ ਨਾਲ ਸ਼ਾਦੀ ਕੀਤੀ. ਜਿਸ ਤੋਂ "ਇਸਮਾਈਲ" ਪੁਤ੍ਰ ਜੰਮਿਆ. ਸਮਾ ਪਾਕੇ ਸਾਰਾਹ ਦੇ ਪੇਟੋਂ ਭੀ ਇਸਹਾਕ ਪੁਤ੍ਰ ਜੰਮਿਆ. ਜਦ ਸਾਰਾਹ ਦੇ ਆਪਣੀ ਔਲਾਦ ਹੋਪਈ. ਤਾਂ ਦੋਹਾਂ ਸੌਕਣਾ ਦਾ ਝਗੜਾ ਹੋਣ ਲੱਗਾ. ਸਾਰਾਹ ਦੇ ਆਖੇ ਇਬਰਾਹੀਮ ਨੇ ਹਾਜਿਰਾ ਨੂੰ ਇਸਮਾਈਲ ਸਮੇਤ ਘਰੋਂ ਕੱਢ ਦਿੱਤਾ. ਦੇਖੋ. ਜ਼ਮ ਜ਼ਮ.#ਇਸਹਾਕ ਦੀ ਔਲਾਦ ਇਸਰਾਈਲ ਵੰਸ਼ ਹੈ, ਜਿਸ ਤੋਂ ਯਹੂਦੀ ਤੇ ਈਸਾਈ ਚੱਲੇ. ਅਤੇ ਇਸਮਾਈਲ ਦੀ ਔਲਾਦ. ਕੁਰੈਸ਼ ਵੰਸ਼ ਹੈ, ਜਿਸ ਵਿਚੋਂ ਮੁਹ਼ੰਮਦ ਸਾਹਿਬ ਪੈਦਾ ਹੋਏ.#ਸੁੰਨਤ (ਖ਼ਤਨਹ) ਦੀ ਰਸਮ ਇਬਰਾਹੀਮ ਨੇ ਹੀ ਚਲਾਈ ਹੈ. ਇਸ ਤੋਂ ਪਹਿਲਾਂ ਇਸ ਦਾ ਜਿਕਰ ਕਿਸੇ ਧਰਮਗ੍ਰੰਥ ਵਿੱਚ ਨਹੀਂ ਹੈ. ਯਹੂਦੀ ਅਤੇ ਮੁਸਲਮਾਨਾਂ ਨੇ ਇਸ ਰਸਮ ਨੂੰ ਇਬਰਾਹੀਮ ਦ੍ਵਾਰਾ ਖ਼ੁਦਾ ਦਾ ਹੁਕਮ ਆਇਆ ਮੰਨਕੇ ਅੰਗੀਕਾਰ ਕੀਤਾ ਹੈ. ਪੁਰਾਣੇ ਸਮੇਂ ਵਿੱਚ ਈਸਾਈ ਭੀ ਸੁੰਨਤ ਕਰਾਇਆ ਕਰਦੇ ਸਨ, ਬਲਕਿ ਹਜਰਤ ਈ਼ਸਾ ਦੀ ਭੀ ਸੁੰਨਤ ਹੋਈ ਸੀ. ਅਤੇ ਐਬਸੀਨੀਆਂ ਦੇ ਈਸਾਈ ਹੁਣ ਤੋੜੀ ਭੀ ਸੁੰਨਤ ਕਰਾਉਂਦੇ ਹਨ.#ਜਦ ਇਬਰਾਹੀਮ ਨੇ ਸੁੰਨਤ ਆਪ ਕਰਵਾਈ ਅਤੇ ਆਪਣੀ ਵੰਸ਼ ਵਿੱਚ ਇਸ ਦਾ ਪ੍ਰਚਾਰ ਕੀਤਾ, ਤਦ ਉਸ ਦੀ. ਉਮਰ ੯੯ ਵਰ੍ਹੇ ਦੀ ਸੀ. ਕੁਰਾਨ ਵਿੱਚ ਇਬਰਾਹੀਮ ਨੂੰ ਖ਼ਲੀਲੁੱਲਾ (ਅੱਲਾ ਦਾ ਮਿਤ੍ਰ) ਲਿਖਿਆ ਹੈ. ਇਬਰਾਹੀਮ ਦੀ ਸਾਰੀ ਉਮਰ ੧੭੫ ਵਰ੍ਹੇ ਦੀ ਸੀ. ਉਸ ਦੀ ਕਬਰ ਹ਼ਰੂੰ (Hebron) ਫ਼ਿਲਸ੍ਤੀਨ (Palestine) ਵਿੱਚ ਯਾਤ੍ਰਾ ਦਾ ਅਸਥਾਨ ਹੈ.#ਕਬੀਰ ਜੀ ਦੀ ਇਸ ਤੁਕ ਦਾ- "ਸਕਤਿ ਸਨੇਹ ਕਰਿ ਸੁੰਨਤਿ ਕਰੀਐ, ਮੈ ਨ ਬਦਉਗਾ ਭਾਈ!"¹ ਅਰਥ ਕਰਦੇ ਹੋਏ ਗ੍ਯਾਨੀ, ਇੱਕ ਲੋਕਪ੍ਰਸਿੱਧ ਕਥਾ ਸੁਣਾਇਆ ਕਰਦੇ ਹਨ ਕਿ ਸਾਰਾਹ ਨੇ ਇਬਰਾਹੀਮ ਤੋਂ ਪ੍ਰਣ ਕਰਾਇਆ ਸੀ ਕਿ ਉਹ ਹਾਜਿਰਾ ਨਾਲ ਸੰਗ ਨਾ ਕਰੇ, ਜੇ ਕਰੇਗਾ ਤਦ ਭਾਰੀ ਦੰਡ ਦਾ ਅਧਿਕਾਰੀ ਹੋਵੇਗਾ. ਪਰੰਤੂ ਇਬਰਾਹੀਮ ਨੇ ਪ੍ਰਤਿਗ੍ਯਾ ਭੰਗ ਕੀਤੀ, ਜਿਸ ਤੇ ਸਾਰਾਹ ਨੇ ਪਤਿ ਦੇ ਪ੍ਰੇਮ ਵਿੱਚ ਆਕੇ ਵਡੀ ਸਜ਼ਾ ਨੂੰ ਛੋਟੀ ਵਿੱਚ ਬਦਲ ਦਿੱਤਾ, ਅਰਥਾਤ ਮੁੱਛਾਂ ਅਤੇ ਇੰਦ੍ਰੀ ਦਾ ਅਵਰਣ ਰੂਪ ਮਾਸ ਕੱਟਕੇ ਪ੍ਰਣਭੰਗ ਦਾ ਪ੍ਰਾਇਸ਼ਚਿਤ ਕੀਤਾ. ਚਾਹੋ ਏਹ ਕਥਾ ਬਾਈਬਲ ਅਤੇ ਕੁਰਾਨ ਵਿੱਚ ਨਹੀਂ ਹੈ, ਪਰੰਤੂ ਇਸ ਦਾ ਬੀਜ ਮੌਜੂਦ ਹੈ ਕਿ ਸਾਰਾਹ ਦੇ ਕਹਿਣ ਤੇ ਇਬਰਾਹੀਮ ਨੇ ਹਾਜਿਰਾ ਨੂੰ ਪੁਤ੍ਰ ਸਮੇਤ ਘਰੋਂ ਕੱਢ ਦਿੱਤਾ ਸੀ. ਅਤੇ ਸੁੰਨਤ ਦੀ ਰਸਮ ਇਬਰਾਹੀਮ ਤੋਂ ਚੱਲੀ।#੩. ਪੈਗੰਬਰ ਮੁਹ਼ੰਮਦ ਦਾ ਇੱਕ ਪੁਤ੍ਰ ਜੋ ਉਸ ਦੀ ਦਾਸੀ "ਮੇਰੀ" ਤੋਂ ਜਨਮਿਆ, ਅਤੇ ਦੋ ਵਰ੍ਹੇ ਦਾ ਹੋਕੇ ਹੀ ਮਰ ਗਿਆ ਸੀ। ੪. ਬਲਖ਼ ਦਾ ਬਾਦਸ਼ਾਹ, ਜੋ ਇਬਰਾਹੀਮ ਅਧਮ ਕਰਕੇ ਪ੍ਰਸਿੱਧ ਹੈ. ਇਹ ਰਾਜ ਤ੍ਯਾਗਕੇ ਸੰਨ੍ਯਾਸੀ ਹੋ ਗਿਆ, ਅਤੇ ਪੂਰਣ ਬ੍ਰਹਮਗ੍ਯਾਨੀ ਹੋਇਆ ਹੈ। ੫. ਦੇਖੋ, ਬਹਮੀਸ਼ਾਹ....
[شاہجہان] ਰਾਜਾ ਉਦਯ ਸਿੰਘ ਜੋਧਪੁਰੀ ਦੀ ਕੰਨ੍ਯਾ ਬਾਲਮਤੀ (ਜੋਧਬਾਈ) ਦੇ ਉਦਰ ਤੋਂ ਜਹਾਂਗੀਰ ਦਾ ਤੀਜਾ ਪੁਤ੍ਰ, ਜਿਸ ਦਾ ਜਨਮ ੫. ਜਨਵਰੀ ਸਨ ੧੫੯੩ ਨੂੰ ਲਾਹੌਰ ਹੋਇਆ. ਇਸ ਦਾ ਪਹਿਲਾ ਨਾਉਂ ਮਿਰਜ਼ਾ ਖ਼ੁੱਰਮ ਸੀ. ਇਹ ਬਾਪ ਦੇ ਮਰਣ ਪਿੱਛੋਂ ਸਨ ੧੬੨੮ ਵਿੱਚ ਤਖਤ ਤੇ ਬੈਠਾ.¹ ਇਸ ਦੇ ਅਹਿਦ ਵਿੱਚ ਰਾਜ ਦੀ ਵੱਡੀ ਤਰੱਕੀ ਹੋਈ. ਮੁਆਮਲਾ ੨੩ ਕਰੋੜ ਰੁਪਯਾ ਵਸੂਲ ਹੁੰਦਾ ਸੀ.#ਸ਼ਾਹਜਹਾਂ ਨੂੰ ਇਮਾਰਤਾਂ ਦਾ ਵਡਾ ਸ਼ੌਕ ਸੀ. ਆਗਰੇ ਵਿੱਚ ਮੌਤੀ ਮਸਜਿਦ ਅਤੇ ਆਪਣੀ ਪਿਆਰੀ ਬੇਗਮ ਅਰਜਮੰਦ ਬਾਨੂ ਦਾ ਮਕਬਰਾ (ਜਿਸ ਦੇ ਨਾਮ ਮੁਮਤਾਜ਼ ਮਹਲ ਅਤੇ ਕੁਦਸੀਆ ਬੇਗਮ ਭੀ ਹਨ, ਜੋ ਨੂਰਜਹਾਂ ਦੇ ਭਾਈ ਆਸਿਫ ਖਾਂ ਦੀ ਪੁਤ੍ਰੀ ਸੀ. ਜਿਸ ਦਾ ਜਨਮ ਸਨ ੧੫੯੨ ਅਤੇ ਦੇਹਾਂਤ ੭. ਜੁਲਾਈ ਸਨ ੧੬੩੧ ਨੂੰ ਹੋਇਆ) ਚਾਰ ਕਰੋੜ ਪੰਜਾਹ ਲੱਖ ਰੁਪਯਾ ਖਰਚਕੇ ਬਣਵਾਇਆ, ਜੋ "ਤਾਜ" ਨਾਉਂ ਤੋਂ ਪ੍ਰਸਿੱਧ ਹੈ. ਕਈ ਲੇਖਕਾਂ ਨੇ ਤਾਜ ਮਹਿਲ ਦੀ ਲਾਗਤ ਇੱਕ ਕਰੋੜ ਸਾਢੇ ਬਾਰਾਂ ਲੱਖ ਲਿਖੀ ਹੈ.#ਜੋ ਇਸ ਵੇਲੇ ਲਾਲ ਕਿਲੇ ਦੇ ਸਾਮ੍ਹਣੇ ਜਮਨਾ ਕਿਨਾਰੇ ਵਸੀ ਹੋਈ ਦਿੱਲੀ ਦੇਖੀ ਜਾਂਦੀ ਹੈ, ਇਹ ਇਸੇ ਬਾਦਸ਼ਾਹ ਨੇ ਸਨ ੧੬੩੧ ਵਿੱਚ ਆਬਾਦ ਕੀਤੀ ਹੈ, ਇਸ ਦਾ ਨਾਉਂ ਉਸ ਨੇ "ਸ਼ਾਹਜਹਾਨਾਬਾਦ" ਰੱਖਿਆ, ਦਿੱਲੀ ਦਾ ਲਾਲ ਕਿਲਾ, ਦੀਵਾਨ ਖਾਸ, ਦੀਵਾਨ ਆਮ, ਅਰ ਜਾਮਾ ਮਸਜਿਦ ਆਦਿਕ ਸੁੰਦਰ ਇਮਾਰਤਾਂ ਸ਼ਾਹਜਹਾਨ ਦੀ ਕੀਰਤੀ ਪ੍ਰਗਟ ਕਰਦੀਆਂ ਹਨ. ਤਖਤ ਤਾਊਸ, ਜਿਸ ਤੇ ਸੱਤ ਕਰੋੜ ਦਸ ਲੱਖ ਰੁਪਯਾ ਖਰਚ ਹੋਇਆ ਸੀ, ਇਸੇ ਬਾਦਸ਼ਾਹ ਨੇ ਬਣਵਾਇਆ ਸੀ. ਜਗਤਪ੍ਰਸਿੱਧ ਕੋਹਨੂਰ ਹੀਰਾ, ਜਿਸ ਦਾ ਵਜਨ ੩੧੯ ਰੱਤੀ ਅਤੇ ਉਸ ਸਮੇਂ ੭੮੧੫੨੨੫) ਰੁਪਯੇ ਕੀਮਤ ਦਾ ਜਾਚਿਆ ਗਿਆ ਸੀ, ਮੀਰ ਜੁਮਲਾ ਨੇ ਇਸੇ ਚਕ੍ਰਵਰਤੀ ਮਹਾਰਾਜਾ ਨੂੰ ਨਜਰ ਕੀਤਾ ਸੀ.#ਕਈ ਖੋਟੇ ਮੰਤ੍ਰੀਆਂ ਦੀ ਨਾਲਾਇਕੀ ਕਰਕੇ ਇਸ ਨੇ ਈਸਾਈਆਂ, ਹਿੰਦੂਆਂ ਦੇ ਧਰਮ ਦੇ ਵਿਰੁੱਧ ਹੱਥ ਚੁੱਕਿਆ, ਇਸੇ ਤਰਾਂ ਇਸਦਾ ਵਿਰੋਧ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਹੋ ਗਿਆ, ਜਿਸ ਕਾਰਣ ਗੁਰੂ ਸਾਹਿਬ ਨੂੰ ਸ੍ਵਰਖ੍ਯਾ ਲਈ ਸ਼ਸਤ੍ਰ, ਚੁੱਕਣੇ ਪਏ.#ਸ਼ਾਹਜਹਾਂ ਦੇ ਚਾਰ ਪੁਤ੍ਰ ਸਨ- ਦਾਰਾਸ਼ਿਕੋਹ, ਸ਼ੁਜਾ, ਔਰੰਗਜ਼ੇਬ ਅਤੇ ਮੁਰਾਦ. ਇੱਕ ਵਾਰ ਜਦ ਸ਼ਾਹਜਹਾਂ ਬੀਮਾਰ ਹੋ ਗਿਆ ਤਦ ਉਸ ਨੂੰ ਔਰੰਗਜ਼ੇਬ ਨੇ, (ਆਪਣੇ ਭਾਈਆਂ ਨੂੰ ਪਹਿਲਾਂ ਕਾਬੂ ਕਰਕੇ), ਆਗਰੇ ਦੇ ਕਿਲੇ ਸਨ ੧੬੫੮ ਵਿੱਚ ਕੈਦ ਕਰ ਲਿਆ. ਸੱਤ ਵਰ੍ਹੇ ਬੇਟੇ ਦੀ ਬੰਦੀ ਵਿੱਚ ਰਹਿਕੇ (੨੩ ਜਨਵਰੀ ਸਨ ੧੬੬੬) ਸੰਮਤ ੧੭੨੩ ਵਿੱਚ ਹੁਕੂਮਤ ਨੂੰ ਤਰਸਦਾ ਹੋਇਆ ਸ਼ਾਹਜਹਾਂ ਦੁਨੀਆਂ ਤੋਂ ਕੂਚ ਕਰ ਗਿਆ, ਅਤੇ ਆਪਣੀ ਪਿਆਰੀ ਬੇਗਮ ਦੇ ਪਾਸ ਆਗਰੇ ਤਾਜ ਅੰਦਰ ਦਫਨ ਕੀਤਾ ਗਿਆ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਮਨਸਬ (ਅਹੁਦਾ) ਰੱਖਣ ਵਾਲਾ. ਅਧਿਕਾਰੀ....
ਫ਼ਾ. [رِہا] ਵਿ- ਛੱਡਿਆ ਹੋਇਆ. ਖੁਲ੍ਹਾ. ਨਿਰਬੰਧ....
ਸੰ. ਵੰਦਾ. ਸੰਗ੍ਯਾ- ਅਮਰਬੇਲਿ ਆਦਿਕ ਉਹ ਪੌਧਾ, ਜੋ ਬਿਰਛਾਂ ਦੇ ਰਸ ਤੋਂ ਪੁਸ੍ਟ ਹੋਵੇ. ਇਹ ਬਿਰਛਾਂ ਨੂੰ ਰੋਗਰੂਪ ਹੈ. ਇਸ ਦ੍ਵਾਰਾ ਛਿਲਕਾ ਖੁਸ਼ਕ ਹੋਕੇ ਬੂਟੇ ਸੁੱਕ ਜਾਂਦੇ ਹਨ. "ਬੰਦਾ ਲਾਗ੍ਯੋ ਤੁਰਕਨ ਬੰਦਾ." (ਪੰਪ੍ਰ) ਬੰਦਾ ਬਹਾਦੁਰ ਤੁਰਕਾਂ ਨੂੰ ਬੰਦਾ ਹੋਕੇ ਲੱਗਾ। ੨. ਬਿਰਛ ਦੇ ਵਿੱਚ ਹੋਰ ਬਿਰਛ ਉਗਣਾ। ੩. ਫ਼ਾ. [بندہ] ਸੇਵਕ. ਦਾਸ. "ਮੈ ਬੰਦਾ ਬੈਖਰੀਦ." (ਆਸਾ ਮਃ ੫) "ਵਖਤੁ ਵੀਚਾਰੇ ਸੁ ਬੰਦਾ ਹੋਇ." (ਮਃ ੧. ਵਾਰੀ ਸ੍ਰੀ) ੪. ਦੇਖੋ, ਬੰਦਾਬਹਾਦੁਰ....
ਜਮੁਨਾ ਨਦੀ ਦੇ ਕਿਨਾਰੇ ਇੱਕ ਪੁਰਾਣੀ ਪ੍ਰਸਿੱਧ ਨਗਰੀ, ਜੋ ਕਈ ਥਾਈਂ ਵਸ ਚੁੱਕੀ ਹੈ.¹ ਪਾਂਡਵਾਂ ਵੇਲੇ ਇਸ ਦਾ ਨਾਮ ਇੰਦ੍ਰਪਸ੍ਥ² ਅਤੇ ਪਾਂਡਵਨਗਰ ਸੀ. ਫੇਰ ਇਸ ਦਾ ਨਾਮ ਯੋਗਿਨੀਪੁਰ ਹੋਇਆ. ਤੋਮਰਵੰਸ਼ ਦੇ ਰਾਜਾ ਰਾਇਸੇਨ ਨੇ ਸਨ ੯੧੯- ੨੦ ਵਿੱਚ ਸੁੰਦਰ ਮਕਾਨ ਬਣਵਾਕੇ ਰਾਜਧਾਨੀ ਕ਼ਾਯਮ ਕੀਤੀ.#ਮਯੂਰਵੰਸ਼ ਦੇ ਰਾਜਾ ਦਿਲੂ ਨੇ ਇਸ ਨੂੰ ਦਿੱਲੀ ਨਾਉਂ ਦਿੱਤਾ.³ ਸਨ ੧੧੫੧ ਵਿੱਚ ਚੌਹਾਨ ਰਾਜਪੂਤ ਵਿਸ਼ਾਲਦੇਵ ਨੇ ਇਸਨੂੰ ਰਾਜਧਾਨੀ ਬਣਾਇਆ. ਇਸ ਦੇ ਪੋਤੇ ਪ੍ਰਿਥੀ (ਪ੍ਰਿਥਿਵੀ) ਰਾਜ ਨੂੰ ਸਨ ੧੧੯੨ ਵਿੱਚ ਜਿੱਤਕੇ ਸ਼ਹਾਬੁੱਦੀਨ ਮੁਹ਼ੰਮਦ ਗੌਰੀ ਨੇ ਮੁਸਲਿਮ ਰਾਜ ਕ਼ਾਯਮ ਕੀਤਾ.#ਇਸ ਵੇਲੇ ਜਮੁਨਾ ਦੇ ਕਿਨਾਰੇ ਜੋ ਪੱਕੀ ਚਾਰ ਦੀਵਾਰੀ ਅੰਦਰ ਬਸਤੀ ਦੇਖੀ ਜਾਂਦੀ ਹੈ ਇਹ ਬਾਦਸ਼ਾਹ ਸ਼ਾਹਜਹਾਂ ਦੀ ਰਚਨਾ ਹੈ. ਉਸ ਨੇ ਇਸ ਦੇ ਲਾਲ ਕਿਲੇ ਅਤੇ ਸ਼ਹਿਰ ਦੀ ਬੁਨਿਆਦ ੧੬. ਏਪ੍ਰਿਲ ਸਨ ੧੬੩੯ ਨੂੰ ਰੱਖੀ ਅਤੇ ਚਤੁਰ ਅਹਿਲਕਾਰ ਗ਼ੈਰਤਖ਼ਾਨ ਦੀ ਨਿਗਰਾਨੀ ਵਿੱਚ ਇਮਾਰਤ ਬਣੀ. ਬਾਦਸ਼ਾਹ ਨੇ ਇਸ ਦਾ ਨਾਮ "ਸ਼ਾਹਜਹਾਨਾਬਾਦ" ਰੱਖਿਆ ਸੀ, ਪਰ ਜਗਤ ਪ੍ਰਸਿੱਧ ਦਿੱਲੀ ਹੀ ਰਿਹਾ.#ਸਨ ੧੮੦੩ ਵਿੱਚ ਦਿੱਲੀ ਅੰਗ੍ਰੇਜ਼ਾਂ ਦੇ ਅਧਿਕਾਰ ਵਿੱਚ ਆਈ, ਭਾਵੇਂ ਨਾਮਮਾਤ੍ਰ ਮੁਗਲ ਰਾਜਧਾਨੀ ਰਹੀ. ਸਨ ੧੮੫੭ ਦੇ ਗ਼ਦਰ ਪਿੱਛੋਂ ਦਿੱਲੀ ਅੰਗ੍ਰੇਜ਼ੀ ਰਾਜ ਨਾਲ ਮਿਲੀ, ਅਰ ੧੨. ਦਿਸੰਬਰ ਸਨ ੧੯੧੧ ਨੂੰ ਸ਼ਹਨਸ਼ਾਹ ਜਾਰਜਪੰਜਮ (George V) ਨੇ ਇਸ ਨੂੰ ਭਾਰਤ ਦੀ ਰਾਜਧਾਨੀ ਹੋਣ ਦਾ ਮੁੜ ਮਾਨ ਦਿੱਤਾ. ੧. ਅਕਤੂਬਰ ਸਨ ੧੯੧੨ ਨੂੰ ਦਿੱਲੀ ਨੂੰ ਪੰਜਾਬ ਤੋਂ ਅਲਗ ਕਰਕੇ ਚੀਫ਼ਕਮਿਸ਼ਨਰ ਦੇ ਅਧੀਨ ਕੀਤਾ ਗਿਆ.#ਦਿੱਲੀ ਤੋਂ ਲਹੌਰ ੨੯੭, ਕਲਕੱਤਾ ੯੫੬, ਬੰਬਈ ੯੮੨ ਅਤੇ ਕਰਾਚੀ ੯੦੭ ਮੀਲ ਹੈ.#ਸਨ ੧੯੨੧ ਦੀ ਮਰਦਮਸ਼ੂਮਾਰੀ ਅਨੁਸਾਰ ਦਿੱਲੀ ਦੀ ਆਬਾਦੀ ੩੦੪੪੨੦ ਹੈ. ਜਿਸ ਵਿੱਚੋਂ ਹਿੰਦੂ ੧੭੪੩੦੩, ਮੁਸਲਮਾਨ ੧੧੪੭੦੪, ਈਸਾਈ ੮੭੯੧, ਜੈਨੀ ੩੮੬੨, ਸਿੱਖ ੨੬੬੯, ਅਤੇ ਬਾਕੀ ਬੋੱਧ ਪਾਰਸੀ ਯਹੂਦੀ ੯੧ ਹਨ#ਜਾਰਜਪੰਜਮ ਨੇ ਜਿਸ ਨਵੀਂ ਬਸਤੀ ਦੀ ਨਿਉਂ ਰੱਖੀ ਹੈ, ਉਸ ਦਾ ਨਾਉਂ ਨ੍ਯੂ (New) ਦਿੱਲੀ ਹੈ, ਜੋ ਪਹਾੜੀਗੰਜ ਅਤੇ ਸਫਦਰਜੰਗ ਦੇ ਵਿਚਕਾਰ ਵਸੀ ਹੈ.#ਦਿੱਲੀ ਵਿੱਚ ਇਹ ਗੁਰਦ੍ਵਾਰੇ ਹਨ:-⁴#(੧) ਸੀਸਗੰਜ. ਇਹ ਚਾਂਦਨੀ ਚੌਕ ਵਿੱਚ ਹੈ. ਇੱਥੇ ੧੨. ਮੱਘਰ ਸੰਮਤ ੧੭੩੨ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਦੇਸ਼ ਅਤੇ ਧਰਮ ਦੀ ਖਾਤਿਰ ਸੀਸ ਕੁਰਬਾਨ ਕੀਤਾ. ਇਹ ਗੁਰਦ੍ਵਾਰਾ ਪਹਿਲਾਂ ਸਰਦਾਰ ਬਘੇਲਸਿੰਘ ਜੀ ਨੇ ਬਣਵਾਇਆ ਸੀ. ਫੇਰ ਮੁਸਲਮਾਨਾਂ ਨੇ ਗੁਰਦ੍ਵਾਰਾ ਢਾਹਕੇ ਪਾਸ ਮਸੀਤ ਉਸਾਰਦਿੱਤੀ. ਸਨ ੧੮੫੭ ਦੇ ਗਦਰ ਦੇ ਅੰਤ ਰਾਜਾ ਸਰੂਪਸਿੰਘ ਸਾਹਿਬ ਜੀਂਦਪਤਿ ਨੇ ਸੀਸਗੰਜ ਗੁਰਦ੍ਵਾਰੇ ਦੀ ਇਮਾਰਤ ਬਣਵਾਈ ਅਰ ਹੁਣ ਪ੍ਰੇਮੀ ਗੁਰਸਿੱਖਾਂ ਦੇ ਉੱਦਮ ਨਾਲ ਪੱਥਰ ਦੀ ਆਲੀਸ਼ਾਨ ਇਮਾਰਤ ਬਣ ਰਹੀ ਹੈ.#ਨਿੱਤ ਦੀ ਚੜ੍ਹਤ (ਭੇਟਾ ਪੂਜਾ) ਤੋਂ ਛੁੱਟ, (ਜਿਸ ਦਾ ਅੰਦਾਜ਼ਾ ਤਿੰਨ ਹਜਾਰ ਰੁਪਯਾ ਸਾਲ ਹੈ), ਇਸ ਗੁਰਦ੍ਵਾਰੇ ਨੂੰ ਹੇਠ ਲਿਖੀ ਸਾਲਾਨਾ ਪੱਕੀ ਆਮਦਨ ਹੈ:-#ਮਹਾਰਾਜਾ ਰਣਜੀਤ ਸਿੰਘ ਜੀ ਦਾ ਦਿੱਲੀ ਦੇ ਗੁਰਦ੍ਵਾਰਿਆਂ ਨੂੰ ਦਿੱਤਾ ਪਿੰਡ "ਦੋਸਾਂਝ" (ਤਸੀਲ ਨਵਾਂ ਸ਼ਹਿਰ, ਜਿਲਾ ਜਲੰਧਰ ਵਿੱਚ) ਹੈ, ਉਸ ਦਾ ਹਿੱਸਾ ੨੦੦, ਰਿਆਸਤ ਜੀਂਦ ਤੋਂ ੬੨), ਰਿਆਸਤ ਨਾਭੇ ਤੋਂ ੨੧੫), ਰਿਆਸਤ ਪਟਿਆਲੇ ਤੋਂ ੩੮੦)- ਜ਼ੀਨਤਮਹਿਲ ਦੇ ਕਿਰਾਏ ਵਿੱਚੋਂ ਦੋ ਸੌ ਚਾਲੀ, ਅਤੇ ਪੂਜਾ ਦੇ ਇੱਕ ਸੌ ਚਾਲੀ ਸਾਲਾਨਾ ਮਿਲਦੇ ਹਨ.#ਰਾਇਸੀਨਾ ਪਿੰਡ, ਜੋ ਰਿਆਸਤ ਜੀਂਦ ਨੇ ਖ਼ਰੀਦ ਕੇ ਗੁਰਦ੍ਵਾਰਾ ਸੀਸਗੰਜ ਅਤੇ ਰਕਾਬਗੰਜ ਨੂੰ ਭੇਟਾ ਕੀਤਾ ਸੀ, ਉਹ ਨਵੀਂ ਦਿੱਲੀ ਵਿੱਚ ਆ ਗਿਆ. ਗਵਰਨਮੇਂਟ ਨੇ ਉਸ ਦੀ ਕੀਮਤ ਜੋ ਦਿੱਤੀ ਉਸ ਦੇ ਪ੍ਰਾਮਿਸਰੀ (Promissory) ਨੋਟ ਖਰੀਦੇ ਗਏ. ਗੁਰਦ੍ਵਾਰਾ ਸੀਸਗੰਜ ਦੀ ਰਕਮ ਬੱਤੀ ਹਜਾਰ ਦਾ ਸੂਦ ਸਾਲਾਨਾ ੧੧੫੨) ਹੈ. ਇਸ ਤੋਂ ਛੁੱਟ ੧੫. ਮੁਰੱਬੇ ਜ਼ਮੀਨ ਗਵਰਨਮੇਂਟ ਨੇ ਦਿੱਤੀ, ਜਿਸ ਦੇ ਠੇਕੇ ਦੀ ਮਾਕੂਲ ਆਮਦਨ ਹੈ. ਗੁਰਦ੍ਵਾਰੇ ਦੇ ਸੇਵਾਦਾਰ ਮਹੰਤ ਭਾਈ ਹਰੀਸਿੰਘ ਜੀ ਬੀ. ਏ. ਅਤੇ ਭਾਈ ਰਣਜੋਧ ਸਿੰਘ ਜੀ ਹਨ.#(੨) ਰਕਾਬਗੰਜ. ਇੱਥੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਹੋਇਆ ਹੈ. ਇਹ ਅਸਥਾਨ ਗੁਰਦ੍ਵਾਰਾ ਰੋਡ ਤੇ ਹੈ, ਜੋ ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗੁਰਧਾਮ ਨੂੰ ਸਾਲਾਨਾ ਆਮਦਨ ਦੋਸਾਂਝ ਪਿੰਡ ਦੇ ਹਿੱਸੇ ਵਿੱਚੋਂ ੩੩੨), ਰਿਆਸਤ ਪਟਿਆਲੇ ਤੋਂ ਆਲਾਸਿੰਘ ਦੀ ਵਡਾਲੀ ਅਤੇ ਹਿੰਦੂਪੁਰ ਦੋ ਪਿੰਡ ਜਾਗੀਰ, ਜਿਨ੍ਹਾਂ ਦੀ ਸਾਲਾਨਾ ਰਕਮ ੧੩੯੦) ਹੈ, ਰਾਇਸੀਨਾ ਪਿੰਡ ਦੀ ਰਕਮ ਦੇ ਖਰੀਦੇ ਪ੍ਰਾਮਿਸਰੀ ਨੋਟਾਂ ਦਾ ਸੂਦ ੧੩੯੮), ਮਹਾਰਾਜਾ ਪਟਿਆਲਾ ਵੱਲੋਂ ਪੂਜਾ ੧੪੦), ਕਿਰਾਇਆ ਕੋਠੜੀਆਂ ੨੫੦), ਅੱਠ ਏਕੜ ਦਾ ਗੁਰਦ੍ਵਾਰੇ ਨਾਲ ਬਾਗ਼. ਜਿਸ ਦੀ ਸਾਲਾਨਾ ਆਮਦਨ ੨੫੦) ਹੈ, ਪੰਦਰਾਂ ਮੁਰੱਬੇ ਜ਼ਮੀਨ ਗਵਰਨਮੇਂਟ ਵੱਲੋਂ, ਜੋ ਠੇਕੇ ਪੁਰ ਚੜ੍ਹਾਈ ਜਾਂਦੀ ਹੈ. ਗੁਰਦ੍ਵਾਰੇ ਦੀ ਸੇਵਾ ਕਰਨ ਵਾਲੇ ਭਾਈ ਗੁਰਬਖਸ਼ਸਿੰਘ ਜੀ ਅਤੇ ਜੀਵਨਸਿੰਘ ਜੀ ਹਨ.#(੩) ਬੰਗਲਾਸਾਹਿਬ. ਜਯਸਿੰਘਪੁਰੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਮਤ ੧੭੨੦ ਵਿੱਚ ਵਿਰਾਜੇ ਸਨ. ਉਸ ਸਮੇਂ ਗੁਰੂਸਾਹਿਬ ਦੇ ਨਿਵਾਸ ਲਈ ਅੰਬਰਪਤਿ⁵ ਮਿਰਜ਼ਾ ਜਯਸਿੰਘ ਨੇ ਬੰਗਲਾ ਬਣਵਾਇਆ ਸੀ. ਇਹ ਗੁਰਦ੍ਵਾਰਾ ਜਯਸਿੰਘ ਰੋਡ ਅਤੇ ਕੈਂਟਨਮੈਂਟ ਰੋਡ (Cantonement Road) ਦੇ ਮੱਧ ਹੈ. ਇਸ ਗੁਰਦ੍ਵਾਰੇ ਨੂੰ ਪਿੰਡ ਦੋਸਾਂਝ ਦਾ ਹਿੱਸਾ ੧੬੯), ਨਾਭੇ ਤੋਂ ੪॥), ਜੀਂਦ ਤੋਂ ੬੨), ਪਟਿਆਲੇ ਤੋਂ ੧੪੦), ਗੁਰਦ੍ਵਾਰੇ ਦੀ ਕੁਝ ਜ਼ਮੀਨ ਜੋ ਸਰਕਾਰ ਨੇ ਨਵੀਂ ਆਬਾਦੀ ਲਈ ਲਈ ਹੈ, ਉਸ ਦੀ ਰਕਮ ਦਾ ਸਾਲਾਨਾ ਸੂਦ ੨੨੦) ਹੈ. ਪੁਜਾਰੀ ਭਾਈ ਹਾਕਮਸਿੰਘ ਜੀ ਹਨ.#(੪) ਬਾਲਾਸਾਹਿਬ. ਬਾਲਗੁਰੂ ਹਰਿਕ੍ਰਿਸਨ ਜੀ ਦੇ ਸ਼ਰੀਰ ਦਾ ਸਸਕਾਰ ਇਸ ਥਾਂ ਸੰਮਤ ੧੭੨੧ ਵਿੱਚ ਹੋਇਆ ਹੈ. ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਭੀ ਇਸੇ ਥਾਂ ਹੋਇਆ ਹੈ. ਦਿੱਲੀ ਦਰਵਾਜ਼ੇ ਤੋਂ ਬਾਹਰ ਬਾਰਾਂਪੁਲਾ ਲੰਘਕੇ ਨਾਲੇ ਤੋਂ ਪਾਰ ਇਹ ਅਸਥਾਨ ਹੈ, ਜੋ ਚਾਂਦਨੀ ਚੌਕ ਤੋਂ ਚਾਰ ਮੀਲ ਹੈ. ਗੁਰਦ੍ਵਾਰੇ ਦੀ ਸਾਲਾਨਾ ਆਮਦਨ- ਦੋਸਾਂਝ ਵਿੱਚੋਂ ਹਿੱਸਾ ੭੦੨), ਜੀਂਦ ਤੋਂ ੬੨), ਪਟਿਆਲੇ ਤੋਂ ਬੰਧਾਨ ੧੨੫) ਅਤੇ ਪੂਜਾ ੩੦੬), ਨਾਭੇ ਤੋਂ ੧੦੯॥), ਗੁਰਦ੍ਵਾਰੇ ਨਾਲ ਲਗਦੀ ਜ਼ਮੀਨ ਦੀ ਆਮਦਨ ੪੦) ਹੈ. ਸੇਵਾਦਾਰ ਭਾਈ ਤਾਰਾਸਿੰਘ ਜੀ ਅਤੇ ਬੀਰਸਿੰਘ ਜੀ ਹਨ.#(੫) ਮੋਤੀਬਾਗ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਸੰਮਤ ੧੭੬੪ ਵਿੱਚ ਚਰਣ ਪਾਏ ਹਨ. ਇਹ ਗੁਰਦ੍ਵਾਰਾ ਅਜਮੇਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ਪੰਜ ਮੀਲ ਹੈ. ਇਸ ਅਸਥਾਨ ਨੂੰ ਕੇਵਲ ਪਟਿਆਲੇ ਤੋਂ ਸਾਲਾਨਾ ੨੫) ਬੰਧਾਨ ਅਤੇ ਪੂਜਾ ੧੪੦) ਹੈ. ਪੁਜਾਰੀ ਭਾਈ ਦੇਵਾਸਿੰਘ ਜੀ ਹਨ.#(੬) ਦਮਦਮਾ ਸਾਹਿਬ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਹਾਥੀ ਨਾਲ ਝੋਟੇ ਦੀ ਲੜਾਈ ਕਰਵਾਈ ਸੀ. ਗੁਰਦ੍ਵਾਰਾ ਹੁਮਾਯੂੰ ਦੇ ਮਕਬਰੇ ਪਾਸ ਹੈ. ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗਰੁਦ੍ਵਾਰੇ ਨੂੰ ਮਹਾਰਾਜਾ ਪਟਿਆਲਾ ਵੱਲੋਂ ੧੪੦) ਅਤੇ ਇੱਕ ਪ੍ਰੇਮੀ ਸਿੱਖ ਦੀ ਚੜ੍ਹਾਈ ਹੋਈ ੩੮ ਵਿੱਘੇ ਜ਼ਮੀਨ ਜੋਗਾਬਾਈ ਪਿੰਡ ਵਿੱਚ ਹੈ, ਜਿਸ ਦੀ ਆਮਦਨ ੬੪) ਸਾਲਾਨਾ ਹੈ. ਸੇਵਾਦਾਰ ਭਾਈ ਰਘੁਬੀਰਸਿੰਘ ਜੀ ਹਨ.#(੭) ਮਾਤਾ ਸੁੰਦਰੀ ਜੀ ਦੀ ਹਵੇਲੀ, ਜੋ ਤੁਰਕਮਾਨ ਦਰਵਾਜੇ ਤੋਂ ਬਾਹਰ ਚਾਂਦਨੀ ਚੌਕ ਤੋਂ ਡੇਢ ਮੀਲ ਹੈ. ਇੱਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦੇਹਾਂਤ ਤੀਕ ਨਿਵਾਸ ਕਰਦੇ ਰਹੇ. ਇਹ ਅਸਥਾਨ ਨੂੰ ਪਟਿਆਲੇ ਤੋਂ ੨੫) ਬੰਧਾਨ, ਅਤੇ ਪੂਜਾ ੫੧) ਹੈ. ਜੀਂਦ ਤੋਂ ੬੨) ਸਾਲਾਨਾ ਮਿਲਦੇ ਹਨ. ਗਵਰਨਮੇਂਟ ਨੇ ਜੋ ਗੁਰਦ੍ਵਾਰੇ ਦੀ ਜ਼ਮੀਨ ਨਵੀਂ ਆਬਾਦੀ ਲਈ ਖਰੀਦੀ, ਉਸ ਦੀ ਰਕਮ ਦਾ ਸਾਲਾਨਾ ਸੂਦ ੪੮) ਹੈ. ਸੇਵਾਦਾਰ ਭਾਈ ਕਾਹਨਸਿੰਘ ਜੀ ਅਤੇ ਬਾਬਾ ਦਿਆਲ ਸਿੰਘ ਜੀ ਹਨ.#(੮) ਮਜਨੂੰ ਦਾ ਟਿੱਲਾ. ਇੱਥੇ ਜਗਤਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰਾਜੇ ਹਨ, ਅਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿਣ ਸਮੇਂ ਬਾਬਾ ਰਾਮਰਾਇ ਜੀ ਦਾ ਨਿਵਾਸ ਭੀ ਇੱਥੇ ਹੀ ਰਿਹਾ ਹੈ. ਇਹ ਗੁਰਦ੍ਵਾਰਾ ਜਮੁਨਾ ਕਿਨਾਰੇ ਚੰਦ੍ਰਾਵਲ ਪਿੰਡ ਪਾਸ ਹੈ. ਕਸ਼ਮੀਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ੩. ਮੀਲ ਹੈ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਬਿਸਨਦਾਸ ਜੀ ਹਨ.#(੯) ਕੂਚਾ ਦਿਲਵਾਲੀਸਿੰਘ. ਇਹ ਅਜਮੇਰੀ ਦਰਵਾਜ਼ੇ ਤੋਂ ਅੰਦਰ ਸੀਸਗੰਜ ਗੁਰਦ੍ਵਾਰੇ ਤੋਂ ਅੱਧ ਮੀਲ ਹੈ. ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦਸ਼ਮੇਸ਼ ਦੀ ਆਗ੍ਯਾ ਅਨੁਸਾਰ ਭਾਈ ਮਨੀਸਿੰਘ ਜੀ ਨਾਲ ਜਦ ਦਿੱਲੀ ਪੁੱਜੇ, ਤਦ ਪਹਿਲਾਂ ਕੁਝ ਕਾਲ ਇੱਥੇ ਰਹੇ. ਇੱਥੇ ਰਹਿਣ ਸਮੇਂ ਮਾਤਾ ਸੁੰਦਰੀ ਜੀ ਨੇ ਅਜੀਤਸਿੰਘ ਪਾਲਿਤਪੁਤ੍ਰ ਬਣਾਇਆ ਸੀ. ਸਿੱਖਾਂ ਨੇ ਅਨਗਹਿਲੀ ਕਰਕੇ ਇੱਥੇ ਗੁਰਦ੍ਵਾਰਾ ਨਹੀਂ ਬਣਾਇਆ. ਹਿੰਦੂ ਅਰੋੜੇ ਇਸ ਥਾਂ ਵਸਦੇ ਹਨ.#(੧੦) ਮਟੀਆ ਬਾਜ਼ਾਰ ਦੇ ਚਿਤਲੀਕਬਰ ਮਹਲੇ ਵਿੱਚ ਮਾਤਾ ਸੁੰਦਰੀ ਜੀ ਦੇ ਸੇਵਕ ਜੀਵਨਸਿੰਘ ਪਾਸ ਉਹ ਸ਼ਸਤ੍ਰ ਸਨ, ਜੋ ਸ਼੍ਰੀ ਦਸ਼ਮੇਸ਼ ਜੀ ਨੇ ਮਾਤਾ ਸਾਹਿਬਕੌਰ ਜੀ ਨੂੰ ਬਖ਼ਸ਼ੇ ਸਨ. ਜੀਵਨਸਿੰਘ ਦੀ ਔਲਾਦ ਇਨ੍ਹਾਂ ਸ਼ਸਤ੍ਰਾਂ ਦਾ ਦਰਸ਼ਨ ਗੁਰਸਿੱਖਾਂ ਨੂੰ ਕਰਾਉਂਦੀ ਅਤੇ ਧੂਪ ਦੀਪ ਦੀ ਸੇਵਾ ਕਰਦੀ ਰਹੀ ਹੈ. ਹੁਣ ਇਹ ਸ਼ਸਤ੍ਰ ਗੁਰਦ੍ਵਾਰਾ ਰਕਾਬਗੰਜ ਵਿੱਚ ਅਸਥਾਪਨ ਕੀਤੇ ਗਏ ਹਨ. ਸ਼ਸਤ੍ਰਾਂ ਦੀ ਸੇਵਾ ਲਈ ਪਟਿਆਲੇ ਤੋਂ ਸਾਲਾਨਾ ੧੦੧/- ) ਅਤੇ ਪੂਜਾ ੭੪) ਹੈ, ਰਿਆਸਤ ਨਾਭੇ ਤੋਂ ੨੦) ਅਤੇ ਦੋਸਾਂਝ ਦੀ ਜਾਗੀਰ ਵਿੱਚੋਂ ਹਿੱਸਾ ੭੦) ਮਿਲਦੇ ਹਨ.#(੧੧) ਨਾਨਕਪਿਆਉ. ਸਤਿਗੁਰੂ ਨਾਨਕਦੇਵ ਜੀ ਨੇ ਇਹ ਖੂਸ ਤੋਂ ਜਲ ਕੱਢਕੇ ਤ੍ਰਿਖਾਤੁਰ ਰਾਹੀਆਂ ਨੂੰ ਪਿਆਇਆ ਸੀ. ਇਹ ਅਸਥਾਨ ਕਰਨਾਲ ਰੋਡ ਦੇ ਕਿਨਾਰੇ ਸੀਸਗੰਜ ਤੋਂ ਉੱਤਰ ਪੱਛਮ ਚਾਰ ਮੀਲ ਹੈ. ਇਸ ਨੂੰ "ਪਉ ਸਾਹਿਬ" ਭੀ ਆਖਦੇ ਹਨ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਨਿਰੰਜਨਦਾਸ ਜੀ ਹਨ.#ਦੇਖੋ, ਦਿੱਲੀ ਦਾ ਨਕਸ਼ਾ.#ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਯਰ ਦੇ ਕਿਲੇ ਰਹੇ, ਤਦ ਬਾਬਾ ਬੁੱਢਾ ਜੀ ਦਿੱਲੀ ਤੋਂ ਪੰਜ ਕੋਹ ਤੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਲੈਕੇ ਜਮੁਨਾ ਕਿਨਾਰੇ ਰਹੇ ਹਨ, ਪਰ ਸਾਨੂੰ ਇਸ ਥਾਂ ਦਾ ਕੁਝ ਪਤਾ ਨਹੀਂ ਮਿਲਿਆ.#"ਚਲੇ ਆਗਰੇ ਤੇ ਸਭ ਆਏ,#ਦਿੱਲੀ ਨਗਰ ਪਿਖ੍ਯੋ ਸਮੁਦਾਏ,#ਸੁਨ੍ਯੋ ਘਾਸ ਜਹਿਂ ਖਰੋ ਉਦਾਰੇ,#ਪੰਚ ਕੋਸ ਪੁਰ ਤਯਾਗ ਪਧਾਰੇ,#ਹਰਿਤ ਤਿਰਣ ਦੇਖਤ ਹਰਖਾਏ,#ਕਰ੍ਯੋ ਸਿਵਿਰ ਉਤਰੇ ਸਮੁਦਾਏ,#ਅਬ ਲੌ ਤਿਸ ਥਲ ਚਿੰਨ੍ਹ ਲਖੰਤੇ,#ਜਗਾ ਬ੍ਰਿੱਧ ਕੀ ਲੋਕ ਕਹੰਤੇ." (ਗੁਪ੍ਰਸੂ ਰਾਸਿ ੪, ਅਃ ੬੧)...
ਅ਼. [صوُبہ] ਸੂਬਹ. ਸੰਗ੍ਯਾ- ਇਲਾਕਾ. ਰਾਜ ਦਾ ਇੱਕ ਹਿੱਸਾ। ੨. ਇਲਾਕੇ ਦਾ ਹਾਕਿਮ. ਨਾਜਿਮ. ਸੂਬਹਦਾਰ।...
ਫ਼ਾ. [بہادر] ਬਹਾ- ਦੁਰ ਚਮਕੀਲਾ ਮੋਤੀ। ੨. ਕੀਮਤੀ ਮੋਤੀ। ੩. ਉਤਸਾਹੀ. ਪਰਾਕ੍ਰਮੀ. ਸ਼ੂਰਵੀਰ....
ਸੰਗ੍ਯਾ- ਸ੍ਵਾਸ. ਦਮ. "ਲੇਖੈ ਸਾਹ ਲਵਾਈਅਹਿ." (ਸ੍ਰੀ ਮਃ ੧) ੨. ਫ਼ਾ. [شاہ] ਸ਼ਾਹ. ਬਾਦਸ਼ਾਹ. "ਸਭਿ ਤੁਝਹਿ ਧਿਆਵਹਿ ਮੇਰੇ ਸਾਹ." (ਧਨਾ ਮਃ ੪) ੩. ਸ਼ਾਹੂਕਾਰ. "ਸਾਹ ਚਲੇ ਵਣਜਾਰਿਆ." (ਵਾਰ ਸਾਰ ਮਃ ੨) ੪. ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬਖਸ਼ੀ ਹੋਈ ਇੱਕ ਸਿੱਖ ਖਾਨਦਾਨ ਨੂੰ ਪਦਵੀ. ਦੇਖੋ, ਸੋਮਾ ੨। ੫. ਸ੍ਵਾਮੀ. ਪਤਿ। ੬. ਸੰ. साह. ਵਿ- ਪ੍ਰਬਲ. ਜੋਰਾਵਰ....
ਅ਼. [وکیِل] ਸੰਗ੍ਯਾ- ਦੂਤ. ਪ੍ਰਤਿਨਿਧਿ। ੨. ਅਦਾਲਤ ਵਿੱਚ ਕਿਸੇ ਵੱਲੋਂ ਪੈਰਵੀ ਅਤੇ ਬਹਸ ਕਰਨ ਵਾਲਾ. ਸੰ. वाकील. ਵਾੱਕੀਲ. ਯੁਕਤਿ ਨਾਲ ਦੂਜੇ ਦੀ ਜੁਬਾਨ ਬੰਦ ਕਰ ਦੇਣ ਵਾਲਾ....
ਅ਼. [مُطلق] ਵਿ- ਤ਼ਲਕ਼ (ਨਿਰਬੰਧਤਾ) ਵਾਲਾ. ਆਜ਼ਾਦ। ੨. ਕ੍ਰਿ. ਵਿ- ਬਿਲਕੁਲ. ਮੂਲੋਂ. ਮੁੱਢੋਂ....
ਸੰਗ੍ਯਾ- ਵਜ਼ੀਰ (ਮੰਤ੍ਰੀ) ਦੀ ਪਦਵੀ। ੨. ਵਜ਼ੀਰ ਦਾ ਕਰਮ. ਦੇਖੋ, ਵਜ਼ੀਰ....
ਸੰ. ਸੰਗ੍ਯਾ- ਰਾਹ. ਮਾਰਗ. "ਮੰਦ ਮੰਦ ਗਤਿ ਜਾਤੇ ਪਦਵੀ ਮੇ ਪਦਪੰਕਜ ਸੁੰਦਰ." (ਨਾਪ੍ਰ) ੨. ਪੱਧਤਿ. ਪਰਿਪਾਟੀ. ਤ਼ਰੀਕ਼ਾ। ੩. ਦਰਜਾ. ਉਹਦਾ ਰੁਤਬਾ. "ਤਿਨ ਕਉ ਪਦਵੀ ਉਚ ਭਈ." (ਸਵੈਯੇ ਮਃ ੪. ਕੇ) ੩. ਉਪਾਧਿ. ਖ਼ਿਤ਼ਾਬ (title) ਲਕ਼ਬ....
ਸੰਗ੍ਯਾ- ਦੇਹ ਦਾ ਅੰਤ. ਦੇਹਪਾਤ. ਪ੍ਰਾਣ- ਵਿਯੋਗ. ਮ੍ਰਿਤ੍ਯੁ....