jal dhalaजल थल
ਜਲ ਅਤੇ ਸ੍ਥਲ. ਤਰੀ ਅਤੇ ਖ਼ੁਸ਼ਕੀ. "ਜਲ ਥਲ ਬਨ ਪਰਬਤ ਪਾਤਾਲ." (ਗਉ ਥਿਤੀ ਮਃ ੫) ੨. ਜਲ- ਸ੍ਥਲ. ਜਲ ਵਾਲਾ ਥਾਂ. ਨਦੀ, ਤਾਲ ਆਦਿ. "ਜਲਥਲ ਨੀਰਿ ਭਰੇ." (ਮਾਝ ਮਃ ੫)
जल अते स्थल. तरी अतेख़ुशकी. "जल थल बन परबत पाताल." (गउ थिती मः ५) २. जल- स्थल. जल वाला थां. नदी, ताल आदि. "जलथल नीरि भरे." (माझ मः ५)
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਅਸਥਲ....
ਤਰ ਗਈ. ਦੇਖੋ, ਤਰਣਾ. "ਹਰਿ ਹਰਿ ਕਰਤ ਪੂਤਨਾ ਤਰੀ." (ਗੌਡ ਨਾਮਦੇਵ) ੨. ਸੰ. ਸੰਗ੍ਯਾ- ਨੌਕਾ. ਬੇੜੀ. "ਚਢ ਕਰ ਤਰੀ ਭਏ ਪੁਨ ਪਾਰੀ." (ਗੁਪ੍ਰਸੂ) ਦੇਖੋ, ਨੌਕਾ. "ਤਰੀ ਤਰੀ ਸੰਗ ਔਰ, ਤਰੀ ਤਰੀ ਤਰ ਤਰ ਉਤਰ। ਨਰ ਵਰ ਸੁਰ ਸਿਰਮੌਰ, ਵਾਰ ਵਾਰ ਵਰ ਵਾਰਿ ਵਰ." (ਗੁਪ੍ਰਸੂ) ਗੁਰੂ ਸਾਹਿਬ ਦੀ ਤਰੀ (ਬੇੜੀ) ਨਾਲ, ਸ਼ਾਹੂਕਾਰਾਂ ਦੇ ਬਾਲਕਾਂ ਦੀ ਨੌਕਾ ਤੇਜੀ ਨਾਲ ਪਾਣੀ ਉੱਤੇ ਤਰੀ, ਬੇੜੀ ਤੋਂ ਤਲੇ (ਹੇਠ) ਉਤਰਕੇ, ਮਨੁੱਖਾਂ ਵਿੱਚੋਂ ਉੱਤਮ ਅਤੇ ਦੇਵਤਿਆਂ ਦੇ ਸਿਰਤਾਜ ਗੁਰੂ ਜੀ ਪਾਣੀ ਵਿੱਚ ਵੜਕੇ ਵਾਰੰਵਾਰ ਨਿਰਮਲ ਜਲ ਨੂੰ ਬਾਹਾਂ ਨਾਲ ਵਾਰਕੇ (ਹਟਾਕੇ) ਸਾਥੀਆਂ ਨਾਲ ਪਾਣੀ ਦੀ ਖੇਡ ਖੇਡਣ ਲੱਗੇ। ੩. ਗਦਾ। ੪. ਕੱਪੜੇ ਰੱਖਣ ਦੀ ਪਿਟਾਰੀ। ੫. ਫ਼ਾ. [تری] ਨਮੀ. ਗਿੱਲਾਪਨ। ੬. ਉਹ ਭੂਮਿ, ਜਿੱਥੇ ਬਰਸਾਤ ਦਾ ਪਾਣੀ ਬਹੁਤ ਦਿਨਾਂ ਤਾਂਈਂ ਠਹਿਰੇ। ੭. ਉਤਰਾਈ. ਨਿਵਾਣ। ੮. ਕੇਸ਼ਰ. ਤਿਰੀ. ਫੁੱਲ ਦੀ ਬਾਰੀਕ ਪੰਖੜੀ, ਜਿਸ ਪੁਰ ਪਰਾਗ ਹੁੰਦਾ ਹੈ। ੯. ਤਰਕਾਰੀ ਦਾ ਰਸਾ. ਸ਼ੋਰਵਾ। ੧੦. ਦੇਖੋ, ਤੜੀ....
ਸੰ. ਪਰ੍ਵਤ. ਸੰਗ੍ਯਾ- ਪਹਾੜ. "ਪਰਬਤ ਸੁਇਨਾ ਰੁਪਾ ਹੋਵਹਿ." (ਵਾਰ ਮਾਝ ਮਃ ੧) ੨. ਭਾਵ- ਅਭਿਮਾਨ ਹੌਮੈ, ਆਪਣੇ ਤਾਂਈਂ ਉੱਚਾ ਜਾਨਣਾ. "ਕੀਟੀ ਪਰਬਤ ਖਾਇਆ." (ਆਸਾ ਕਬੀਰ) ਕੀਟੀ ਤੋਂ ਭਾਵ ਨੰਮ੍ਰਤਾ ਹੈ। ੩. ਸੰਨ੍ਯਾਸੀਆਂ ਦੇ ਦਸ਼ ਭੇਦਾਂ ਵਿੱਚੋਂ ਇੱਕ ਭੇਦ. ਦੇਖੋ, ਦਸਨਾਮ ਸੰਨ੍ਯਾਸੀ....
ਸੰ. ਸੰਗ੍ਯਾ- ਪ੍ਰਿਥਿਵੀ ਦੇ ਹੇਠਲਾ ਲੋਕ। ੨. ਹੇਠਲੇ ਲੋਕਾਂ ਵਿੱਚੋਂ ਸੱਤਵਾਂ ਲੋਕ. "ਪਾਤਾਲ ਪੁਰੀਆ ਲੋਅ ਆਕਾਰਾ." (ਮਾਰੂ ਸੋਲਹੇ ਮਃ ੩) ਦੇਖੋ, ਸਪਤ ਪਾਤਾਲ। ੩. ਦੇਖੋ, ਸਵੈਯੇ ਦਾ ਰੂਪ ੨੭....
ਤਿਥਿ. ਦੇਖੋ, ਥਿਤਿ ੨. "ਥਿਤੀ ਵਾਰ ਸਭਿ ਸਬਦਿ ਸੁਹਾਏ." (ਬਿਲਾ ਮਃ ੩. ਵਾਰ ੭) ੨. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਖ਼ਾਸ ਬਾਣੀ ਜੋ ਤਿਥਿ ਪਰਥਾਇ ਹੈ. ਦੇਖੋ, ਰਾਗ ਗਉੜੀ ਅਤੇ ਬਿਲਾਵਲ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਸੰ. ਸੰਗ੍ਯਾ- ਹਥੇਲੀ. ਹੱਥ ਦਾ ਤਲ। ੨. ਸੰਗੀਤ ਅਨੁਸਾਰ ਸਮੇਂ ਅਤੇ ਲੈ ਦੀ ਵੰਡ ਕਰਨ ਲਈ ਤਾਲੀ ਦੀ ਧੁਨਿ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ਸੰਗੀਤਸ਼ਾਸਤ੍ਰ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਤਾਂਡਵ ਨ੍ਰਿਤ੍ਯ ਤੋਂ 'ਤਾ' ਅਤੇ ਪਾਰਵਤੀ ਦੀ ਲਾਸ੍ਯ ਨ੍ਰਿਤ੍ਯ ਤੋਂ "ਲ" ਲੈਕੇ 'ਤਾਲ' ਸ਼ਬਦ ਬਣਿਆ ਹੈ. ਦੇਖੋ, ਸੰਗੀਤਗ੍ਰੰਥਾਂ ਵਿੱਚ ਤਾਲਾਂ ਦੇ ਅਨੇਕ ਭੇਦ। ੩. ਝਾਂਜ. ਛੈਣੇ. "ਭਗਤਿ ਕਰਤ ਮੇਰੇ ਤਾਲ ਛਿਨਾਏ." (ਭੈਰ ਨਾਮਦੇਵ) "ਰਬਾਬ ਪਖਾਵਜ ਤਾਲ ਘੁੰਘਰੂ." (ਆਸਾ ਮਃ ੫) ੪. ਹਾਥੀ ਦੇ ਕੰਨਾਂ ਦੇ ਹਿੱਲਣ ਤੋਂ ਹੋਈ ਧੁਨਿ। ੫. ਇੱਕ ਗਿੱਠ ਦੀ ਲੰਬਾਈ ਗਜ਼ ਦਾ ਚੌਥਾ ਭਾਗ। ੬. ਤਾਲਾ. ਜਿੰਦਾ (ਜੰਦ੍ਰਾ). ੭. ਤਲਵਾਰ ਦੀ ਮੁੱਠ. ਕ਼ਬਜਾ। ੮. ਤਾਲ ਬਿਰਛ. Borassus Flabelliformis. "ਤਾਲ ਤਮਾਲ ਕਦੰਬਨ ਜਾਲ." (ਗੁਪ੍ਰਸੂ) ੯. ਤਲਾਉ. ਸਰ. "ਧਰਤਿ ਸੁਹਾਵੀ ਤਾਲ ਸੁਹਾਵਾ." (ਸੂਹੀ ਛੰਤ ਮਃ ੫) ੧੦. ਦੇਖੋ, ਤਾਲਿ ਅਤੇ ਤਾਲੁ। ੧੧. ਹਰਿਤਾਲ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਪਾਣੀ ਨਾਲ. ਜਲ ਸੇ। ੨. ਪਾਣੀ ਉੱਤੇ. "ਪਾਹਣ ਨੀਰਿ ਤਰੇ." (ਬਾਵਨ)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....