jāpahuजापहु
ਜਪੋ. ਜਾਪ ਕਰੋ. "ਮਨੁ, ਜਾਪਹੁ ਰਾਮ ਗੁਪਾਲ." (ਕਾਨ ਮਃ ੪. ਪੜਤਾਲ)
जपो. जाप करो. "मनु, जापहु राम गुपाल." (कान मः ४. पड़ताल)
ਸੰ. ਸੰਗ੍ਯਾ- ਵਾਹਗੁਰੂ ਦੇ ਨਾਮ ਅਥਵਾ ਕਿਸੇ ਮੰਤ੍ਰ ਦਾ ਜਪਣਾ. ਜਪ। ੨. ਭਾਈ ਗੁਰਦਾਸ ਜੀ ਨੇ ਜਪੁਜੀ ਦੇ ਥਾਂ ਭੀ ਜਾਪ ਸ਼ਬਦ ਵਰਤਿਆ ਹੈ. "ਅੰਮ੍ਰਿਤ ਵੇਲੇ ਜਾਪ ਉਚਾਰਾ." (ਵਾਰ ੧) ੩. ਗ੍ਯਾਨ. ਦੇਖੋ, ਗ੍ਯਪ ਧਾ। ੪. ਦੇਖੋ, ਜਾਪਜੀ. "ਜਪ ਜਾਪ ਜਪੇ ਬਿਨਾ ਜੋ ਜੇਵੈ ਪਰਸਾਦ। ਸੋ ਵਿਸਟਾ ਕਾ ਕਿਰਮ ਹੁਇ." xxx (ਰਹਿਤ) ੫. ਦੇਖੋ, ਜਾਪਿ। ੬. ਦੇਖੋ, ਜਾਪਨ। ੭. ਦੇਖੋ, ਜਾਪੇ ੨....
ਸੰ. ਵਿ- ਦਾਨਾ. ਵਿਚਾਰਵਾਨ. ਵਿਵੇਕੀ. "ਮਨੁ ਰਾਜਾ ਮਨੁ ਮਨ ਤੇ ਮਾਨਿਆ." (ਭੈਰ ਮਃ ੧) ੨. ਸੰਗਯਾ- ਮਨੁੱਖ. ਆਦਮੀ. "ਜੇਤੇ ਸਾਸ ਗ੍ਰਾਸ ਮਨੁ ਲੇਤਾ." (ਗਉ ਮਃ ੫) ੩. ਹਿੰਦੂਮਤ ਅਨੁਸਾਰ ਮਨੁੱਖਜਾਤਿ ਦਾ ਆਦਿਪੁਰਖ, ਜੇਹਾਕਿ ਬਾਈਬਲ ਅਤੇ ਕੁਰਾਨ ਵਿੱਚ ਆਦਮ ਮੰਨਿਆ ਹੈ. ਇਹ ਬ੍ਰਹਮਾ ਦਾ ਮਾਨਸ ਪੁਤ੍ਰ ਲਿਖਿਆ ਹੈ. ਹਰੇਕ ਕਲਪ ਵਿੱਚ ਚੌਦਾਂ ਮਨੁ ਹੁੰਦੇ ਹਨ ਅਤੇ ਇੱਕ ਮਨੁ ਦਾ ਸਮਾਂ "ਮਨ੍ਵੰਤਰ" ਕਹਾਉਂਦਾ ਹੈ, ਜਿਸ ਦਾ ਪ੍ਰਮਾਣ ਯੁਗਾਂ ਦੀ ੭੧ ਚੌਕੜੀਆਂ ਹੈ. ਚੌਦਾਂ ਮਨੁ ਇਹ ਹਨ:-#ਸ੍ਵਾਯੰਭੁਵ, ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਵਤ, ਸਾਵਿਰ੍ਣ, ਦਕ੍ਸ਼ਾਸਾਵਿਰ੍ਣ, ਬ੍ਰਹਮ੍ਸਾਵਿਰ੍ਣ. ਧਰ੍ਮਸਾਵਿਰ੍ਣ, ਰੁਦ੍ਰਸਾਵਿਰ੍ਣ, ਦੇਵਸਾਵਿਰ੍ਣਿ ਅਤੇ ਇੰਦ੍ਰਸਾਵਿਰ੍ਣ.#ਮਤਸ੍ਯਪੁਰਾਣ ਵਿੱਚ ਇਹ ਨਾਮ ਦਿੰਤੇ ਹਨ:-#ਸ੍ਹਾਯੰਭੁਵ. ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਹਤ, ਸਾਵਿਰ੍ਣ, ਰੌਚ੍ਯ, ਭੌਤ੍ਯ, ਮੇਰੁਸਾਵਿਰ੍ਣ, ਰਿਭੁ (ऋभु), ਰਿਤੁਧਾਮਾ (ऋतुधामा), ਬਿੰਬਕਸੇਨ.#ਸਭ ਤੋ, ਪਹਿਲਾ ਸ੍ਵਾਯੰਭੁਵ ਮਨੁ ਬਿਨਾ ਕਿਸੇ ਦੀ ਸਹਾਇਤਾ ਦੇ ਸ੍ਹਯੰ (ਆਪ ਹੀ) ਉਤਪੰਨ ਹੋਇਆ, ਅਤੇ ਆਪ ਨੂੰ ਦੋ ਭਾਗਾਂ ਵਿੱਚ ਕੀਤਾ, ਸੱਜਾ ਪਾਸਾ ਪਰਖ ਅਤੇ ਖੱਬਾ ਨਾਰੀ. ਇਸ ਜੋੜੇ ਨੇ ਪ੍ਰਜਾਪਤਿ ਆਦਿ ਰਚੇ. ਇੱਕ ਥਾਂ ਲਿਖਿਆ ਹੈ ਕਿ ਬ੍ਰਹਮਾ ਨੇ ਮਨੁ ਨੂੰ ਆਪਣੇ ਜੇਹਾ ਪੈਦਾ ਕੀਤਾ ਅਤੇ ਉਸਾ ਦਾ ਅੱਧਾ ਸ਼ਰੀਰ ਸ਼ਤਰੂਪਾ ਬਣਾਕੇ ਮਨੁ ਦੀ ਵਹੁਟੀ ਬਣਾਈ, ਜਿਸ ਤੋਂ ਅਨੇਕ ਪ੍ਰਕਾਰ ਦੀ ਰਚਨਾ ਹੋਈ. ਮਨੁ ਦੇ ਬਣਾਏ ਸੂਤ੍ਰ ਧਰਮ ਦਾ ਮੂਲ ਮੰਨੇ ਜਾਂਦੇ ਹਨ ਅਰ ਇਸੇ ਦਾ ਨਾਮ 'ਮਾਨਵ ਧਰਮਸ਼ਾਸਤ੍ਰ' ਹੈ. ਇਨ੍ਹਾਂ ਸੂਤ੍ਰਾਂ ਦੇ ਆਧਾਰ ਪੁਰ ਭ੍ਰਿਗੁ ਨੇ ਮਨੁਸਿਮ੍ਰਿਤੀ ਅਥਵਾ ਮਨੁਸੰਹਿਤਾ ਲਿਖੀ ਹੈ, ਜਿਸ ਦੇ ੧੨. ਅਧ੍ਯਾਯ ਅਤੇ ੨੭੦੪ ਸ਼ਲੋਕ ਹਨ. ਇਹ ਗ੍ਰੰਥ ਹਿੰਦੂਮਤ ਦਾ ਕਾਨੂਨ (Law) ਹੈ.#ਸ਼ਟਪਥਬ੍ਰਾਹਮਣ ਦੇ ਆਧਾਰ ਪੁਰ ਅਗਨਿ ਪੁਰਾਣ ਆਦਿ ਅਨੇਕ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇੱਕ ਵਾਰ ਵੈਵਸ੍ਹਤ ਮਨੁ. ਕਿਤਮਾਲਾ.¹ ਨਦੀ ਪੁਰ ਤਰਪਣ ਕਰ ਰਿਹਾ ਸੀ, ਤਾਂ ਉਸ ਦੇ ਹੱਥ ਵਿੱਚ ਇਕ ਮੱਛੀ ਆ ਗਈ ਅਰ ਆਕਾਸ਼ਬਾਣੀ ਹੋਈ ਕਿ- "ਇਸ ਮੱਛੀ ਨੂੰ ਨਾ ਤਿਆਗੀਂ," ਇਹ ਮੱਛੀ ਵੱਡੇ ਆਕਾਰ ਵਾਲੀ ਹੁੰਦੀ ਗਈ. ਪ੍ਰਲਯ ਦੇ ਸਮੇਂ ਮਨੁ ਆਪਣੇ ਪਰਿਵਾਰ ਅਤੇ ਜੀਵ ਜੰਤ ਲੈਕੇ ਇੱਕ ਕਿਸ਼ਤੀ ਵਿਚ ਪ੍ਰਵੇਸ਼ ਹੋਗਿਆ, ਅਰ ਉਸ ਮੱਛੀ ਦੇ ਸਿੰਗ ਨਾਲ ਬੇੜੀ ਬੰਨ੍ਹ ਦਿੱਤੀ, ਜਿਸ ਤੋਂ ਸਾਰੇ ਬਚ ਗਏ.#ਭਾਗਵਤ ਵਿੱਚ ਲੇਖ ਹੈ ਕਿ ਮਹਾਰਿਖੀ ਸਤ੍ਯਵ੍ਰਤ ਹੀ ਵੈਵਸ੍ਹਤ ਮਨੁ ਕਹਾਇਆ ਅਰ ਮੱਛ ਭਗਵਾਨ ਨੇ ਇਸੇ ਨੂੰ ਸੌਨੇ ਦਾ ਮੱਛ ਹੋਕੇ ਪ੍ਰਲਯ ਸਮੇਂ ਕਿਸ਼ਤੀ ਵਿੱਚ ਬਚਾਇਆ ਸੀ.#ਮਹਾਭਾਰਤ ਵਿੱਚ ਕਥਾ ਹੈ ਕਿ ਮੱਛ ਭਗਵਾਨ ਦੇ ਕਹਿਣ ਅਨੁਸਾਰ ਮਨੁ ਨੇ ਪ੍ਰਲਯ ਤੋਂ ਪਹਿਲਾਂ ਹੀ ਕਿਸ਼ਤੀ ਬਣਾਲਈ ਸੀ ਅਤੇ ਪ੍ਰਲਯ ਹੋਣ ਪੁਰ ਮਨੁ ਸੱਤ ਰਿਖੀਆਂ ਅਤੇ ਜੀਵ ਜੰਤੂ ਤਥਾ ਬਿਰਛ ਆਦਿ ਦੇ ਬੀਜ ਲੈਕੇ ਕਿਸ਼ਤੀ ਵਿੱਚ ਪ੍ਰਵੇਸ਼ ਹੋਗਿਆ, ਅਰ ਥੋੜੀ ਮੱਛ ਦੇ ਸਿੰਗ ਨਾਲ ਬੱਧੀ. ਬਹੁਤ ਵਰ੍ਹੇ ਪਿੱਛੋਂ ਇਹ ਕਿਸ਼ਤੀ ਹਿਮਾਲਯ ਦੀ ਚੋਟੀ ਨਾਲ ਬੰਨ੍ਹੀ ਗਈ, ਜਿਸ ਦਾ ਹੁਣ ਭੀ ਨਾਮ "ਨੌਕਾਬੰਧਨ" ਹੈ. ਕਰਨਲ ਟਾਡ (Tod) ਲਿਖਦਾ ਹੈ ਕਿ ਨੂਹ਼ ( [نوُہ] ) ਇਹੀ ਮਨੁ ਸੀ. ਦੇਖੋ, ਨੂਹ. "ਰਾਜਵਤਾਰ ਭਯੋ ਮਨੁ ਰਾਜਾ। ਸਭ ਹੀ ਸਜੇ ਧਰਮ ਕੇ ਸਾਜਾ." (ਮਨੁਰਾਜ) ੪. ਮਾਨੁਸਜਨਮ. ਮਨੁਖ ਦੇਹ. "ਹਉਮੈ ਵਿਚਿ ਸੇਵਾ ਨ ਹੋਵਈ, ਤਾ ਮਨੁ ਬਿਰਥਾ ਜਾਇ." (ਵਡ ਮਃ ੩) ੫. ਆਸਾਮ ਦਾ ਇੱਕ ਦਰਿਆ, ਜੋ ਤਿਪਰਾ ਰਾਜ ਤੋਂ ਨਿਕਲਦਾ ਹੈ। ੬. ਸੰ. मनस्. ਸੰਗ੍ਯਾ- ਮਨ. ਦਿਲ. "ਮਨੁ ਅਰਪਉ ਧਨੁ ਰਾਖਉ ਆਗੈ." (ਗਉ ਮਃ ੫) ੭. ਹਿੰ. ਵ੍ਯ- ਮਾਨੋ, ਗੋਯਾ. ਜਨੁ. "ਮੇਰਾ ਚਿਤ ਨ ਚਲੈ, ਮਨੁ ਭਇਓ ਪੰਗੁ." (ਬਸੰ ਰਾਮਾਨੰਦ)...
ਜਪੋ. ਜਾਪ ਕਰੋ. "ਮਨੁ, ਜਾਪਹੁ ਰਾਮ ਗੁਪਾਲ." (ਕਾਨ ਮਃ ੪. ਪੜਤਾਲ)...
ਸੰ. राम. ਸੰਗ੍ਯਾ- ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ.¹ "ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ." (ਬਸੰ ਮਃ ੯) "ਰਮਤ ਰਾਮੁ ਸਭ ਰਹਿਓ ਸਮਾਇ." (ਗੌਂਡ ਮਃ ੫)#੨. ਪਰਸ਼ੁਰਾਮ. "ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ." (ਚੰਡੀ ੧)#੩. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯. ਨੂੰ ਜਨਮੇ. ਆਪ ਨੇ ਵਸ਼ਿਸ੍ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪. ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜਸਿੰਘਸਨ ਤੇ ਵਿਰਾਜੇ.#ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ "ਗੋਪਤਾਰ" ਘਾਟ ਉੱਤੇ ਪ੍ਰਾਣ ਤਿਆਗੇ. "ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ." (ਸਃ ਮਃ ੯)#ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ. ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸਨੇ ਅ਼ਯੋਧਯਾ ਪੁਰੀ ਵਸਾਈ), ਇਕ੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ਼ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਤ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸਾਦ ਅਤੇ ਕਲਾਮਾਸਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਥਰੀਸ, ਉਸ ਦਾ ਨਹੁਸ, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼੍ਮਣ ਅਤੇ ਸਤ੍ਰੁਘਨ.#ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:-:#੧. ਸ਼੍ਰੀ ਨਾਰਾਯਣ#।#੨. ਬ੍ਰਹਮਾ#।#੩. ਮਰੀਚਿ#।#੪. ਕਸ਼੍ਯਪ#।#੫. ਵਿਵਸ੍ਟਤ੍ਰ (ਸੂਰ੍ਯ)#।#੬. ਵੈਲਸ੍ਵਤ ਮਨੁ#।#੭. ਇਕ੍ਸ਼੍ਵਾਕੁ#।#੮. ਕੁਕ੍ਸ਼ਿ#।#੯. ਵਿਕੁਕ੍ਸ਼ਿ (ਸ਼ਸ਼ਾਦ)#।#੧੦. ਪੁਰੰਜਯ (ਕਕੁਤਸ੍ਥ)#।#੧੧. ਅਨੇਨਾ#।#੧੨. ਪ੍ਰਿਥੁ#।#੧੩. ਵਿਸ਼੍ਵਗੰਧਿ#।#੧੪. ਆਰ੍ਦ੍ਰ (ਚੰਦ੍ਰਭਾਗ)#।#੧੫. ਯਵਨ (ਯੁਵਨਾਸ਼੍ਵ)#।#੧੬ ਸ਼੍ਰਾਵਸ਼੍ਤ#।#੧੭. ਵ੍ਰਿਹਦਸ਼੍ਵ#।#੧੮. ਕੁਵਲਯਾਸ਼੍ਵ (ਧੁੰਧੁਮਾਰ)#।#੧੯. ਦ੍ਰਿਢਾਸ਼੍ਵ#।#੨੦. ਹਰ੍ਯਸ਼੍ਵ#।#੨੧. ਨਿਕੁੰਭ#।#੨੨. ਵਰ੍ਹਣਾਸ਼੍ਵ (ਬਹੁਲਾਸ਼੍ਵ)#।#੨੩. ਕ੍ਰਿਸ਼ਾਸ਼੍ਵ#।#੨੪. ਸੇਨਜਿਤ#।#੨੫. ਯੁਵਨਾਸ਼੍ਵ (੨)#।#੨੬. ਮਾਂਧਾਤਾ#।#੨੭. ਪੁਰੁਕੁਤ੍ਸ#।#੨੮. ਤ੍ਰਿਸਦਸ੍ਯੁ#।#੨੯. ਅਨਰਣ੍ਯ#।#੩੦. ਹਰ੍ਯਸ਼੍ਵ (੨)#।#੩੧. ਤ੍ਰਿਬੰਧਨ (ਅਤ੍ਰਾਰੁਣ)#।#੩੨. ਸਤ੍ਯਵ੍ਰਤ#।#੩੩. ਤ੍ਰਿਸ਼ੰਕੁ#।#੩੪. ਹਰਿਸ਼੍ਚੰਦ੍ਰ#।#੩੫. ਰੋਹਿਤ#।#੩੬. ਹਰਿਤ#।#੩੭. ਚੰਪ#।#੩੮. ਵਸੁਦੇਵ#।#੩੯. ਵਿਜਯ#।#੪੦. ਭਰੁਕ#।#੪੧. ਵ੍ਰਿਕ#।#੪੨. ਵਾਹੁਕ (ਅਸਿਤ)#।#੪੩. ਸਗਰ#।#੪੪. ਅਸਮੰਜਸ#।#੪੫. ਅੰਸ਼ੁਮਾਨ#।#੪੬. ਦਿਲੀਪ#।#੪੭. ਭਗੀਰਥ#।#੪੮. ਸ਼੍ਰੂਤਸੇਨ#।#੪੯. ਨਾਭਾਗ (ਨਾਭ)#।#੫੦. ਸਿੰਧੁਦ੍ਵੀਪ#।#੫੧. ਅੰਬਰੀਸ#।#੫੨. ਅਯੁਤਾਯੁ#।#੫੩. ਰਿਤੁਪਰ੍ਣ#।#੫੪. ਸਰ੍ਵਕਾਮ#।#੫੫. ਸੁਦਾਸ#।#੫੬. ਸੌਦਾਸ#।#੫੭. ਅਸ਼ਮ੍ਕ#।#੫੮. ਮੂਲਕ (ਵਲਿਕ)#।#੫੯. ਸਤ੍ਯਵ੍ਰਤ (੨)#।#੬੦. ਐਡਵਿਡ#।#੬੧. ਵਿਸ਼੍ਵਸਹ#।#੬੨. ਖਟ੍ਵੰਗ#।#੬੩. ਦੀਰ੍ਘਬਾਹੁ#।#੬੪. ਦਿਲੀਪ (੨)#।#੬੫. ਰਘੁ#।#੬੬. ਅਜ#।#੬੭. ਦਸ਼ਰਥ#।#੬੮. ਰਾਮਚੰਦ੍ਰ ਜੀ#।#।...
ਵਿ- ਗੋਪਾਲਕ. ਗਵਾਲਾ। ਸੰਗ੍ਯਾ- ਕ੍ਰਿਸਨ ਜੀ। ੩. ਜਗਤਨਾਥ ਵਾਹਿਗੁਰੂ ਦੇਖੋ, ਗੋ। ੪. ਗੁਲੇਰ ਦਾ ਰਾਜਾ, ਜੋ ਭੀਮਚੰਦ ਕਹਲੂਰੀਏ ਨਾਲ ਮਿਲਕੇ ਦਸ਼ਮੇਸ਼ ਨਾਲ ਆਨੰਦਪੁਰ ਦੇ ਜੰਗ ਵਿੱਚ ਲੜਿਆ. ਦੇਖੋ, ਵਿਚਿਤ੍ਰਨਾਟਕ। ੫. ਦੇਖੋ, ਚੌਪਈ ਦਾ ਰੂਪ ੨....
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....
ਸੰਗ੍ਯਾ- ਜਾਂਚ. ਛਾਨ ਬੀਨ. ਦੇਖ ਭਾਲ। ੨. ਪੱਟਤਾਲ. ਚਾਰ ਤਾਲ ਦਾ ਭੇਦ. ਇਸ ਤਾਲ ਵਿੱਚ ਗਾਏ ਜਾਣ ਵਾਲੇ ਪਦਾਂ ਦੀ "ਪੜਤਾਲ" ਸੰਗ੍ਯਾ ਹੋ ਗਈ ਹੈ, ਭਾਵੇਂ ਉਹ ਕਿਸੇ ਧਾਰਨਾ ਦੇ ਹੋਣ. ਦੇਖੋ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਆਸਾ ਕਾਨੜੇ ਆਦਿਕ ਰਾਗਾਂ ਦੇ ਪੜਤਾਲ. ਸਰਬਲੋਹ ਵਿੱਚ ਅਨੇਕ ਛੰਦਾਂ ਦੇ ਆਦਿ "ਪੜਤਾਲ" ਲਿਖਿਆ ਹੈ. ਪੜਤਾਲ ਗਾਉਣ ਦੀਆਂ ਪੁਰਾਣੀਆਂ ਰੀਤਾਂ ਹੁਣ ਲੋਪ ਹੋ ਰਹੀਆਂ ਹਨ. ਸ਼੍ਰੀ ਗੁਰੂ ਅਰਜਨਦੇਵ ਦਾ ਸਿਖਾਇਆ ਸੰਗੀਤ ਸਿੱਖਾਂ ਨੇ ਅਨਗਹਿਲੀ ਕਰਕੇ ਭੁਲਾ ਦਿੱਤਾ ਹੈ. ਭਾਈ ਗੁਰਮੁਖ ਸਿੰਘ ਭਾਈ ਅਤਰਾ ਅਤੇ ਭਾਈ ਦਿੱਤੂ ਆਦਿਕ ਦੇ ਗਾਏ ਪੜਤਾਲ ਜੋ ਸਾਡੇ ਸੁਣਨ ਵਿੱਚ ਆਏ ਹਨ, ਹੁਣ ਉਹ ਕੇਵਲ ਸਿਮ੍ਰਿਤੀ ਵਿੱਚ ਰਹਿ ਗਏ ਹਨ....