sabēg singhaसबेगसिंघ
ਇਹ ਪਿੰਡ ਜੰਬਰ ਇਲਾਕਾ ਲਹੌਰ ਦੇ ਵਸਨੀਕ ਫਾਰਸੀ ਵਿਦ੍ਵਾਨ, ਬਾਦਸ਼ਾਹੀ ਨੌਕਰ ਸਨ. ਸੰਮਤ ੧੭੯੦ ਵਿੱਚ. ਖਾਨਬਹਾਦੁਰ (ਜ਼ਕਰੀਆ ਖਾਨ) ਸੂਬਾ ਲਹੌਰ ਨੇ ਇਨ੍ਹਾਂ ਨੂੰ ਆਪਣੀ ਵੱਲੋਂ ਵਕੀਲ ਬਣਾਕੇ ਲੱਖ ਰੁਪਯੇ ਦੀ ਜਾਗੀਰ ਦੀ ਸਨਦ, ਨਵਾਬੀ ਖਤਾਬ ਅਤੇ ਵਡਮੁੱਲਾ ਖਿਲਤ ਪੰਥ ਨੂੰ ਦੇਣ ਲਈ ਅੰਮ੍ਰਿਤਸਰ ਭੇਜਿਆ ਸੀ ਤਾਕਿ ਖਾਲਸਾ ਮਾਰ ਧਾੜ ਛੱਡਕੇ ਸ਼ਾਂਤਿ ਨਾਲ ਬੈਠੇ. ਇਨ੍ਹਾਂ ਨੇ ਇਸ ਵੇਲੇ ਕਪੂਰ ਸਿੰਘ ਜੀ ਨੂੰ ਨਵਾਬ ਪਦ ਦੇ ਕੇ ਆਪਣੀ ਵਕਾਲਤ ਪੂਰੀ ਕੀਤੀ, ਇਸ ਲਈ ਸਿੱਖ ਇਤਿਹਾਸ ਵਿੱਚ ਸਬੇਗ ਸਿੰਘ ਜੀ ਦਾ ਨਾਉਂ " ਵਕੀਲ" ਸੱਦੀਦਾ ਹੈ.#ਕੁਝ ਚਿਰ ਇਹ ਲਾਹੌਰ ਦੇ ਕੋਤਵਾਲ ਭੀ ਰਹੇ, ਜਿਸ ਸਮੇਂ ਕਈ ਸ਼ਹੀਦਗੰਜ ਅਤੇ ਗੁਰੁਦ੍ਵਾਰੇ ਬਣਾਏ. ਅੰਤ ਨੂੰ ਕਾਜੀਆਂ ਦੀ ਸ਼ਕਾਇਤ ਪੁਰ, ਪੁਤ੍ਰ ਸ਼ਾਹਬਾਜ਼ ਸਿੰਘ ਸਮੇਤ ਚਰਖੀ ਚੜ੍ਹਾਕੇ ਸੰਮਤ ੧੮੦੨ ਵਿੱਚ ਲਹੌਰ ਸ਼ਹੀਦ ਕੀਤੇ ਗਏ. ਦੇਖੋ, ਸ਼ਾਹਬਾਜ ਸਿੰਘ.
इह पिंड जंबर इलाका लहौर दे वसनीक फारसी विद्वान, बादशाही नौकर सन. संमत १७९० विॱच. खानबहादुर (ज़करीआ खान) सूबा लहौर ने इन्हां नूं आपणी वॱलों वकील बणाके लॱख रुपये दी जागीर दी सनद, नवाबी खताब अते वडमुॱला खिलत पंथ नूं देण लई अंम्रितसर भेजिआ सी ताकि खालसा मार धाड़ छॱडके शांति नाल बैठे. इन्हां ने इस वेले कपूर सिंघ जी नूं नवाब पद देके आपणी वकालत पूरी कीती, इस लई सिॱख इतिहास विॱच सबेग सिंघ जी दा नाउं " वकील" सॱदीदा है.#कुझ चिर इह लाहौर दे कोतवाल भी रहे, जिस समें कई शहीदगंज अते गुरुद्वारे बणाए. अंत नूं काजीआं दी शकाइत पुर, पुत्र शाहबाज़ सिंघ समेत चरखी चड़्हाके संमत १८०२ विॱच लहौर शहीद कीते गए. देखो, शाहबाज सिंघ.
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਦੇਖੋ, ਜੰਬੁਕ....
ਅ਼. [عِلاقہ] ਅ਼ਲਾਕ਼ਹ. ਸੰਗ੍ਯਾ- ਸੰਬੰਧ. ਤਅ਼ੱਲੁਕ਼। ੨. ਪ੍ਰਾਂਤ. ਦੇਸ਼। ੩. ਰਾਜ (ਰਾਜ੍ਯ)....
ਲਵਪੁਰ. ਰਾਮਚੰਦ੍ਰ ਜੀ ਦੇ ਬੇਟੇ ਲਵ ਦਾ ਵਸਾਇਆ ਰਾਵੀ (ਏਰਾਵਤੀ) ਕਿਨਾਰੇ ਨਗਰ, ਜੋ ਪੰਜਾਬ ਦੀ ਰਾਜਧਾਨੀ ਹੈ,¹ ਦੇਖੋ, ਵਿਚਿਤ੍ਰਨਾਟਕ ਅਃ ੨, ਅੰਕ ੨੪. ਲਹੌਰ ਤੇ ਸੋਲੰਕੀ, ਭੱਟੀ ਅਤੇ ਚੁਹਾਨ ਰਾਜਪੂਤਾਂ ਦਾ ਸਿਲਸਿਲੇਵਾਰ ਚਿਰ ਤੀਕ ਕਬਜਾ ਰਿਹਾ, ਫੇਰ ਇਹ ਬ੍ਰਾਹਮਣਾਂ ਦੇ ਅਧਿਕਾਰ ਵਿੱਚ ਆਇਆ. ਸੁਬਕਤਗੀਨ ਨੇ ਜਯਪਾਲ ਅਤੇ ਅਨੰਗਪਾਲ ਨੂੰ ਜਿੱਤਕੇ ਸਨ ੧੦੦੨ ਵਿੱਚ ਮੁਸਲਮਾਨੀ ਰਾਜ ਕਾਇਮ ਕੀਤਾ. ਸੁਬਕਤਗੀਨ ਦੇ ਪੁਤ੍ਰ ਮਹਮੂਦ ਨੇ ਲਹੌਰ ਦਾ ਨਾਉਂ "ਮਹਮੂਦਪੁਰ" ਰੱਖਿਆ ਸੀ. ਜੋ ਉਸ ਦੇ ਸਿੱਕੇ ਵਿੱਚ ਦੇਖੀਦਾ ਹੈ.#ਤੈਮੂਰ ਨੇ ਸਨ ੧੩੯੮ ਵਿੱਚ ਲਹੌਰ ਫਤੇ ਕੀਤਾ. ਇਹ ਕੁਝ ਕਾਲ ਲੋਦੀਆਂ ਦੀ ਹੁਕੂਮਤ ਅੰਦਰ ਭੀ ਰਿਹਾ. ਸਨ ੧੫੨੪ ਵਿੱਚ ਬਾਬਰ ਨੇ ਫ਼ਤੇ ਕਰਕੇ ਮੁਗਲਰਾਜ ਥਾਪਿਆ. ਬਾਦਸ਼ਾਹ ਅਕਬਰ ਜਹਾਂਗੀਰ ਅਤੇ ਸ਼ਾਹਜਹਾਂ ਨੇ ਆਪਣੇ ਆਪਣੇ ਸਮੇਂ ਕਿਲੇ ਦੀਆਂ ਇਮਾਰਤਾਂ ਬਣਵਾਈਆਂ. ਔਰੰਗਜ਼ੇਬ ਨੇ ਕਿਲੇ ਦੇ ਸਾਮ੍ਹਣੇ ਆਲੀਸ਼ਾਨ ਮਸੀਤ ਬਣਵਾਈ.#ਮਹਾਰਾਜਾ ਰਣਜੀਤਸਿੰਘ ਨੇ ਸਨ ੧੭੯੯ ਵਿੱਚ ਲਹੌਰ ਫਤੇ ਕਰਕੇ ਸਿੱਖਰਾਜ ਕਾਇਮ ਕੀਤਾ. ਇਸ ਪ੍ਰਸਿੱਧ ਸ਼ਹਿਰ ਦਾ ਸਿੱਖ ਇਤਿਹਾਸ ਨਾਲ ਗਾੜ੍ਹਾ ਸੰਬੰਧ ਹੈ. ੨੯ ਮਾਰਚ ਸਨ ੧੮੪੯ ਨੂੰ ਲਹੌਰ ਅੰਗ੍ਰੇਜਾਂ ਦੇ ਅਧਿਕਾਰ ਵਿੱਚ ਆਇਆ. ਦੇਖੋ, ਪੰਜਾਬ#ਰੇਲ ਦੇ ਰਸਤੇ ਲਹੌਰ ਤੋਂ ਕਲਕੱਤਾ ੧੧੯੯, ਪੇਸ਼ਾਵਰ ੨੮੮ ਅਤੇ ਬੰਬਈ ੧੧੪੬ ਮੀਲ ਹੈ. ਜਨਸੰਖ੍ਯਾ ੨੭੯, ੫੫੮ ਹੈ.#ਲਹੌਰ ਪਰਥਾਇ ਗੁਰੂ ਨਾਨਕਸਾਹਿਬ ਅਤੇ ਗੁਰੂ ਅਮਰਦਾਸ ਜੀ ਦੇ ਵਾਕ ਜੋ ਵਾਰਾਂ ਤੋਂ ਵਧੀਕ ਸਲੋਕਾਂ ਵਿੱਚ ਦੇਖੇ ਜਾਂਦੇ ਹਨ, ਉਨ੍ਹਾਂ ਦਾ ਨਿਰਣਾ "ਲਾਹੋਰ" ਸ਼ਬਦ ਵਿੱਚ ਦੇਖੋ.#ਲਹੌਰ ਵਿੱਚ ਸਤਿਗੁਰਾਂ ਅਤੇ ਸ਼ਹੀਦਾਂ ਦੇ ਇਹ ਪਵਿਤ੍ਰ ਅਸਥਾਨ ਹਨ-#(੧) ਜਵਾਹਰਮੱਲ ਦੇ ਚੌਹੱਟੇ ਪਾਸ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ਸਤਿਗੁਰੂ ਨੇ ਦੁਨੀਚੰਦ ਨੂੰ ਪਾਖੰਡਰੂਪ ਸ਼੍ਰਾੱਧਕਰਮ ਤੋਂ ਵਰਜਕੇ ਗੁਰਸਿੱਖੀ ਬਖ਼ਸ਼ੀ ਸੀ. ਇਹ ਅਸਥਾਨ ਸਿਰੀਆਂ ਵਾਲੇ ਮਹੱਲੇ ਪਾਸ ਹੈ. ਗੁਰਦ੍ਵਾਰਾ ਬਣਿਆ ਹੋਇਆ ਹੈ, ਸਿੱਘ ਪੁਜਾਰੀ ਹੈ.#(੨) ਚੂਨੀਮੰਡੀ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਨਾਲ ਅੱਠ ਦੁਕਾਨਾਂ ਹਨ. ਪੁਜਾਰੀ ਸਿੰਘ ਹੈ.#(੩) ਜਨਮ ਅਸਥਾਨ ਦੇ ਪਾਸ ਹੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਧਰਮਸ਼ਾਲਾ ਹੈ. ਇਸ ਹਾਤੇ ਅੰਦਰ ਹੀ ਸ਼੍ਰੀ ਗੁਰੂ ਅਰਜਨਸਾਹਿਬ ਜੀ ਦਾ ਦੀਵਾਨਖਾਨਾ ਭੀ ਹੈ. ਇਸ ਦੇ ਨਾਲ ਚਾਰ ਦੁਕਾਨਾਂ ਅਤੇ ਅਠਾਰਾਂ ਘੁਮਾਉਂ ਜ਼ਮੀਨ ਪਿੰਡ ਰਾਣਾ ਭੱਟੀ, ਤਸੀਲ ਸ਼ਾਹਦਰਾ ਜਿਲਾ ਸ਼ੇਖੂਪੁਰਾ ਵਿੱਚ ਹੈ.#ਇਸੇ ਥਾਂ ਤੋਂ- "ਮੇਰਾ ਮਨੁ ਲੋਚੈ ਗੁਰਦਰਸਨ ਤਾਈ"- ਸ਼ਬਦ ਲਿਖਕੇ ਗੁਰੂਸਾਹਿਬ ਨੇ ਪਿਤਾ ਜੀ ਪਾਸ ਅਮ੍ਰਿਤਸਰ ਭੇਜਿਆ ਸੀ.#(੪) ਕਿਲੇ ਦੇ ਸਾਮ੍ਹਣੇ ਸ਼੍ਰੀ ਗੁਰੂ ਅਰਜਨਸਾਹਿਬ ਦਾ ਦੇਹਰਾ ਹੈ, ਜਿੱਥੇ ਜੇਠ ਸੁਦੀ ੪. ਸੰਮਤ ੧੬੬੩ ਨੂੰ ਜੋਤੀ ਜੋਤਿ ਸਮਾਏ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਦੀਵਾਨਖਾਨਾ ਭੀ ਮਨੋਹਰ ਹੈ. ਨਿੱਤ ਕੀਰਤਨ ਹੁੰਦਾ ਹੈ. ਮਹਾਰਾਜਾ ਰਣਜੀਤਸਿੰਘ ਦੀ ਲਾਈ ਜਾਗੀਰ ਪਿੰਡ ਨੰਦੀਪੁਰ ਜਿਲਾ ਸਿਆਲਕੋਟ ਤਸੀਲ ਡਸਕਾ ਵਿੱਚ ਹੈ, ਜਿਸ ਦਾ ਰਕਬਾ ੫੮੯ ਵਿੱਘੇ ਹੈ, ਅਤੇ ੫੦ ਰੁਪਯੇ ਸਾਲਨਾ ਪਿੰਡ ਕੁਤਬਾ ਤਸੀਲ ਕੁਸੂਰ ਤੋਂ ਮਿਲਦੇ ਹਨ. ੯੦ ਰੁਪਯੇ ਰਿਆਸਤ ਨਾਭੇ ਵੱਲੋਂ ਹਨ. ਜੇਠ ਸੁਦੀ ੪. ਨੂੰ ਮੇਲਾ ਹੁੰਦਾ ਹੈ, ਪੁਜਾਰੀ ਸਿੰਘ ਹਨ. ਇਸ ਗੁਰਦ੍ਵਾਰੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਦੰਦਖੰਡ ਦਾ ਇੱਕ ਕੰਘਾ ਹੈ, ਜਿਸ ਦੇ ੩੮ ਦੰਦੇ ਹਨ, ਦੋ ਦੰਦੇ ਟੁੱਟੇ ਹੋਏ ਹਨ.#(੫) ਲਹੌਰ ਕਿਲੇ ਤੋਂ ਦੌ ਸੌ ਕਦਮ ਦੱਖਣ ਵੱਲ ਲਾਲ ਕੂਆ ਅਥਵਾ ਲਾਲ ਖੂਹੀ ਹੈ. ਇਹ ਚੰਦੂ ਦੇ ਘਰ ਵਿੱਚ ਸੀ. ਇਸ ਦੇ ਜਲ ਨਾਲ ਸ਼੍ਰੀ ਗੁਰੂ ਅਰਜਨ ਦੇਵ ਨੇ ਕਈ ਵਾਰ ਸਨਾਨ ਕੀਤਾ ਸੀ. ਇੱਥੇ ਛੋਟਾ ਜਿਹਾ ਮੰਜੀਸਾਹਿਬ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਪ੍ਰਕਾਸ਼ ਹੁੰਦਾ ਹੈ. ਇਸ ਗੁਰਦ੍ਵਾਰੇ ਨਾਲ ਇੱਕ ਦੁਕਾਨ, ੨੧. ਕਨਾਲ ੧੪. ਮਰਲੇ ਜਮੀਨ ਪਿੰਡ ਖੋਖਰ, ਤਸੀਲ ਲਹੌਰ ਵਿੱਚ ਹੈ. ਪੁਜਾਰੀ ਸਿੰਘ ਹੈ. ਇੱਥੇ ਤੀਹ ਚਾਲੀ ਗੁੰਗੇ ਭੀ ਰਹਿਂਦੇ ਹਨ.#(੬) ਡੱਬੀ ਬਾਜਾਰ ਵਿੱਚ ਸ਼੍ਰੀ ਗੁਰੂ ਅਰਜਨਦੇਵ ਜੀ ਦੀ ਬਾਵਲੀ ਹੈ. ਇਹ ਛੱਜੂ ਵਪਾਰੀ ਦੇ ਅਰਪੇ ਹੋਏ ਧਨ ਤੋਂ ਗੁਰੂਸਾਹਿਬ ਨੇ ਲਵਾਈ ਸੀ. ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਇਹ ਅੱਟੀ ਗਈ ਸੀ. ਮਹਾਰਾਜਾ ਰਣਜੀਤਸਿੰਘ ਜੀ ਨੇ ਫੇਰ ਪ੍ਰਗਟ ਕੀਤੀ. ਇਸ ਨਾਲ ੧੧੨ ਹੱਟਾਂ ਹਨ, ਜਿਨ੍ਹਾਂ ਦੀ ਚੋਖੀ ਆਮਦਨ ਹੈ.#(੭) ਮੁਜੰਗ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਸਥਾਨ ਹੈ, ਜਿੱਥੇ ਬਹੁਤ ਚਿਰ ਗੁਰੂਸਾਹਿਬ ਦਾ ਡੇਰਾ ਰਿਹਾ ਹੈ. ਇਸ ਗੁਰਦ੍ਵਾਰੇ ਨਾਲ ਨੌ ਦੁਕਾਨਾਂ ਹਨ.#(੮) ਭਾਟੀ ਦਰਵਾਜੇ ਮਹੱਲਾ ਚੁਮਾਲਾ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਮੁਜੰਗ ਤੋਂ ਆਕੇ ਇੱਥੇ ਕਈ ਵਾਰ ਦੀਵਾਨ ਲਗਾਇਆ ਕਰਦੇ ਸਨ, ਜਿਸ ਬੇਰੀ ਨਾਲ ਘੋੜਾ ਬੰਨ੍ਹਿਆ ਜਾਂਦਾ ਸੀ, ਉਹ ਮੌਜੂਦ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਪ੍ਰਕਾਸ਼ ਲਈ ਸੁੰਦਰ ਖੁਲ੍ਹਾ ਕਮਰਾ ਹੈ. ਮੁਸਾਫਰਾਂ ਦੇ ਰਹਿਣ ਲਈ ਚੋਖੇ ਮਕਾਨ ਹਨ. ਗੁਰਦ੍ਵਾਰੇ ਨਾਲ ਇੱਕ ਮਕਾਨ ਭਾਟੀ ਦਰਵਾਜੇ ਅਤੇ ੮੭ ਘੁਮਾਉਂ ਜ਼ਮੀਨ ਪਿੰਡ ਖੁਰਦਪੁਰ, ਤਸੀਲ ਲਹੌਰ ਵਿੱਚ ਹੈ. ਕਮੇਟੀ ਦੇ ਹੱਥ ਪ੍ਰਬੰਧ ਹੈ. ਬਸੰਤ- ਪੰਚਮੀ ਨੂੰ ਮੇਲਾ ਹੁੰਦਾ ਹੈ.#(੯) ਸ਼ਹਿਰ ਦੇ ਉੱਤਰ ਕਿਲੇ ਦੇ ਪਾਸ ਭਾਈ ਮਨੀਸਿੰਘ ਜੀ ਦਾ ਸ਼ਹੀਦਗੰਜ ਹੈ. ਦੇਖੋ, ਮਨੀਸਿੰਘ ਭਾਈ. ਇੱਥੇ ਉਹ ਖੂਹ ਭੀ ਹੈ ਜੋ ਜਾਲਿਮ ਹਾਕਮਾਂ ਨੇ ਸਿੱਖਾਂ ਦੇ ਸਿਰਾਂ ਨਾਲ ਭਰਵਾ ਦਿੱਤਾ ਸੀ. ਇਸ ਸ਼ਹੀਦਗੰਜ ਨਾਲ ਇੱਕ ਦੁਕਾਨ ਚੂਨੀਮੰਡੀ ਵਿੱਚ ਹੈ. ਕਮੇਟੀ ਦੇ ਹੱਥ ਇਸ ਦਾ ਪ੍ਰਬੰਧ ਹੈ. ਰੇਲਵੇ ਸਟੇਸ਼ਨ ਬਾਦਾਮੀਬਾਗ ਤੋਂ ਪੌਣ ਮੀਲ ਪੱਛਮ ਹੈ.#(੧੦) ਲੰਡਾ ਬਾਜਾਰ ਵਿੱਚ ਭਾਈ ਤਾਰੂਸਿੰਘ ਜੀ ਦਾ ਸ਼ਹੀਦਗੰਜ ਹੈ. ਇਸ ਨਾਲ ਕਈ ਟੁਕੜੇ ਜ਼ਮੀਨ ਦੇ ਕਰੀਬ ਛੀ ਕਨਾਲ ਸ਼ਹਿਰ ਵਿੱਚ ਹਨ, ਅਤੇ ਪਿੰਡ ਬੱਲਾ ਬਸਤੀਰਾਮ ਤਸੀਲ ਲਹੌਰ ਤੋਂ ਸੌ ਰੁਪਯਾ ਸਾਲਾਨਾ ਸਿੱਖਰਾਜ ਸਮੇਂ ਦੀ ਜਾਗੀਰ ਹੈ. ਕੁਝ ਦੁਕਾਨਾਂ ਦਾ ਕਰਾਇਆ ਆਉਂਦਾ ਹੈ. ਪੁਜਾਰੀ ਸਿੰਘ ਹੈ. ਦੇਖੋ, ਤਾਰੂਸਿੰਘ ਭਾਈ.#(੧੧) ਭਾਈ ਤਾਰੂਸਿੰਘ ਜੀ ਦੇ ਸ਼ਹੀਦਗੰਜ ਦੇ ਨੇੜੇ ਹੀ ਸਿੰਘਣੀਆਂ ਦਾ ਸ਼ਹੀਦਗੰਜ ਹੈ. ਇੱਥੇ ਸਿੰਘਣੀਆਂ ਨੇ ਅਨੇਕ ਦੁੱਖ ਸਹਾਰੇ. ਆਪਣੇ ਬੱਚੇ ਟੋਟੇ ਕਰਵਾਕੇ ਝੋਲੀ ਪਵਾਏ, ਪਰ ਪਿਆਰਾ ਧਰਮ ਨਹੀਂ ਤਿਆਗਿਆ....
ਵਸਣ ਵਾਲਾ. ਨਿਵਾਸ ਕਰਤਾ ਦੇਖੋ, ਵਸਕੀਨ....
ਫ਼ਾ. [فارسی] ਫ਼ਾਰਿਸੀ. ਸੰਗ੍ਯਾ- ਪਾਰਸ ਦੇਸ਼ ਦੀ ਭਾਸਾ. ਫ਼ਾਰਿਸੀ ਦੀਆਂ ਸੱਤ ਕਿਸਮਾਂ ਹਨ- ਫ਼ਾਰਿਸੀ. ਪਹਲਵੀ, ਦਰੀ, ਹਰਵੀ, ਜ਼ਾਬੁਲੀ, ਸਕਜ਼ੀ ਅਤੇ ਸਗਦੀ। ੨. ਫ਼ਾਰਿਸ ਦਾ ਵਸਨੀਕ। ੩. ਦੇਖੋ, ਪਾਰਸੀ....
ਵਿ- ਵਿਦ੍ਯਾ (ਇ਼ਲਮ) ਵਾਲਾ. ਪੰਡਿਤ. ਆ਼ਲਿਮ। ੨. ਸੰਗ੍ਯਾ- ਪੰਜਾਬੀ ਦਾ ਇੱਕ ਇਮਤਹ਼ਾਨ....
ਫ਼ਾ. [بادشاہی] ਸੰਗ੍ਯਾ- ਬਾਦਸ਼ਾਹ ਦੀ ਪਦਵੀ। ੨. ਹੁਕੂਮਤ. ਰਾਜ੍ਯ। ੩. ਦੇਖੋ, ਪਾਤਸ਼ਾਹੀ। ੪. ਵਿ- ਬਾਦਸ਼ਾਹ ਦਾ....
ਫ਼ਾ. [نوَکر] ਸੰਗ੍ਯਾ- ਚਾਕਰ. ਤਨਖ਼੍ਹਾਹ ਲੈਣ ਵਾਲਾ, ਸੇਵਕ....
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....
ਇਸ ਦਾ ਅਸਲ ਨਾਉਂ ਜ਼ਕਰੀਆ ਖ਼ਾਨ ਹੈ, ਇਹ ਅਬਦੁਲਸਮਦ ਖ਼ਾਨ ਦਾ ਪੁਤ੍ਰ ਅਤੇ ਸ਼ਾਹਨਵਾਜ਼ ਦਾ ਪਿਤਾ ਸੀ. ਖ਼ਾਲਸਾਪੰਥ ਵਿੱਚ ਇਸ ਨੂੰ ਖਾਨੂ ਸਦਦੇ ਹਨ. ਸਿੱਖ ਇਤਿਹਾਸ ਨਾਲ ਇਸ ਦਾ ਵਡਾ ਸੰਬੰਧ ਹੈ. ਦੇਖੋ, ਪੰਥਪ੍ਰਕਾਸ਼ ਆਦਿ ਗ੍ਰੰਥ. ਖ਼ਾਨਬਹਾਦੁਰ ਸਨ ੧੭੩੯ ਵਿੱਚ ਲਹੌਰ ਦਾ ਸੂਬਾ ਹੋਇਆ ਅਤੇ ਸਨ ੧੭੪੫ ਵਿੱਚ ਮੋਇਆ....
ਫ਼ਾ. [خان] ਖ਼ਾਨ. ਸੰਗ੍ਯਾ- ਰਈਸ. ਅਮੀਰ. "ਸੁਲਤਾਨ ਖਾਨ ਮਲੂਕ ਉਮਰੇ." (ਸ੍ਰੀ ਅਃ ਮਃ ੧) ੨. ਘਰ. ਖ਼ਾਨਹ. "ਕਾਹੂੰ ਗਰੀ ਗੋਦਰੀ ਨਾਹੀ ਕਾਹੂੰ ਖਾਨ ਪਰਾਰਾ." (ਆਸਾ ਕਬੀਰ) ਕਿਸੇ ਪਾਸ ਪਾਟੀ ਗੋਦੜੀ ਨਹੀਂ, ਕਿਸੇ ਦੇ ਪਾਯਦਾਰ ਘਰ ਹਨ. ਦੇਖੋ, ਪਰਾਰਾ। ੩. ਕੁਟੰਬ. ਪਰਿਵਾਰ. "ਜੈਸੇ ਘਰ ਲਾਗੈ ਆਗਿ ਭਾਗ ਨਿਕਸਤ ਖਾਨ." (ਭਾਗੁ ਕ) ੪. ਸ਼ਹਿਦ ਦੀ ਮੱਖੀਆਂ ਦਾ ਛੱਤਾ। ੫. ਪਠਾਣਾਂ ਦੀ ਉਪਾਧਿ (ਪਦਵੀ). ੬. ਸੰ. ਖਾਣਾ. "ਸਭਿ ਖੁਸੀਆ ਸਭਿ ਖਾਨ." (ਵਾਰ ਸਾਰ ਮਃ ੧) ੭. ਦੇਖੋ, ਖਾਨਿ....
ਅ਼. [صوُبہ] ਸੂਬਹ. ਸੰਗ੍ਯਾ- ਇਲਾਕਾ. ਰਾਜ ਦਾ ਇੱਕ ਹਿੱਸਾ। ੨. ਇਲਾਕੇ ਦਾ ਹਾਕਿਮ. ਨਾਜਿਮ. ਸੂਬਹਦਾਰ।...
ਵ੍ਯ- ਪਾਸੋਂ. ਤਰਫੋਂ. ਓਰ ਸੇ. ਕੰਨੀਓਂ....
ਅ਼. [وکیِل] ਸੰਗ੍ਯਾ- ਦੂਤ. ਪ੍ਰਤਿਨਿਧਿ। ੨. ਅਦਾਲਤ ਵਿੱਚ ਕਿਸੇ ਵੱਲੋਂ ਪੈਰਵੀ ਅਤੇ ਬਹਸ ਕਰਨ ਵਾਲਾ. ਸੰ. वाकील. ਵਾੱਕੀਲ. ਯੁਕਤਿ ਨਾਲ ਦੂਜੇ ਦੀ ਜੁਬਾਨ ਬੰਦ ਕਰ ਦੇਣ ਵਾਲਾ....
ਦੇਖੋ, ਲਕ੍ਸ਼੍। ੨. ਦੇਖੋ, ਲਕ੍ਸ਼੍ਯ. "ਲੱਖ ਜੀਵ ਅਰੁ ਈਸੁਰ ਕੇਰਾ। ਸਤ ਚਿਤ ਆਨਁਦ ਏਕੈ ਹੇਰਾ ॥" (ਗੁਪ੍ਰਸੂ) "ਲੱਖ ਰੂਪ ਵਾਚਾਰਥ ਜਾਸ ਕਹਿ." (ਗੁਪ੍ਰਸੂ) ਦੇਖੋ, ਵਾਚ੍ਯ....
ਫ਼ਾ. [جاگیِر] ਸੰਗ੍ਯਾ- ਰਾਜੇ ਵੱਲੋਂ ਦਿੱਤੀ ਜ਼ਮੀਨ ਦੇ ਲੈਣ ਦੀ ਕ੍ਰਿਯਾ। ੨. ਉਹ ਗਾਂਵ ਅਥਵਾ ਜ਼ਮੀਨ ਜੋ ਰਾਜੇ ਵੱਲੋਂ ਕਿਸੇ ਨੂੰ ਮੁਆ਼ਫ਼ ਹੋਵੇ....
[سند] ਸੰਗ੍ਯਾ- ਪੱਟਾ. ਵਸੀਕਾ। ੨. ਸਿਫ਼ਾਰਿਸ਼ਨਾਮਾ....
ਸੰਗ੍ਯਾ- ਨੱਯਾਬ ਦੀ ਪਦਵੀ। ੨. ਨੱਵਾਬ ਦਾ ਕਰਮ....
ਅ਼. [خطاب] ਖ਼ਿਤ਼ਾਬ. ਸੰਗ੍ਯਾ- ਮੁਖ਼ਾਤ਼ਿਬ (ਸੰਬੋਧਨ) ਕਰਕੇ ਕਹਿਣਾ। ੨. ਪਦਵੀ. ਉਪਾਧਿ. ਲਕ਼ਬ. Title....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਖੇਲਦਾ ਹੋਇਆ. ਖੇਲਤ. "ਖਿਲਤ ਅਖੇਟਕ ਇਹਠਾਂ ਆਯੋ." (ਚਰਿਤ੍ਰ ੧੦੩) ੨. ਅ਼. [خِلعت] ਖ਼ਿਲਅ਼ਤ. ਸੰਗ੍ਯਾ- ਸ਼ਰੀਰ ਉੱਤੋਂ ਉਤਾਰਣ ਦੀ ਕ੍ਰਿਯਾ. ਪੁਰਾਣੇ ਸਮੇਂ ਵਿੱਚ ਬਾਦਸ਼ਾਹ ਆਪਣੇ ਜਿਸਮ ਤੋਂ ਵਸਤ੍ਰ ਉਤਾਰਕੇ ਬਖ਼ਸ਼ ਦਿੰਦੇ ਸਨ, ਇਸ ਤੋਂ ਖਿਲਤ ਦਾ ਅਰਥ ਸਨਮਾਨ ਦੀ ਪੋਸ਼ਾਕ ਹੋ ਗਿਆ ਹੈ। ੩. ਲਿਬਾਸ. ਪੋਸ਼ਾਕ। ੪. ਬਾਦਸ਼ਾਹ ਵੱਲੋਂ ਮਿਲੀ ਪੋਸ਼ਾਕ, ਜੋ ਸਨਮਾਨ ਦਾ ਚਿੰਨ੍ਹ ਹੈ। ੫. ਅ਼. [خِلط] ਖ਼ਿਲਤ਼. ਮਿਲੀ ਹੋਈ ਵਸ੍ਤੁ। ੬. ਸ਼ਰੀਰ ਵਿੱਚ ਮਿਲੇ ਹੋਏ ਤਤ੍ਵ- ਵਾਤ, ਪਿੱਤ, ਕਫ. ਯੂਨਾਨੀ ਹਿਕਮਤ ਵਾਲਿਆਂ ਨੇ ਚਾਰ ਖਿਲਤ ਮੰਨੇ ਹਨ. ਖ਼ੂਨ [خوُن] ਲਹੂ, ਸਫ਼ਰਾ [صفرا] ਪਿੱਤ, ਬਲਗ਼ਮ [بلغم] ਕਫ, ਸੌਦਾ [سوَدا] ਲਹੂ ਪਿੱਤ ਅਤੇ ਕਫ਼ ਦੇ ਜਲਜਾਣ ਤੋਂ ਜੋ ਸਿਆਹ ਮਾਦਾ ਬਣ ਜਾਂਦਾ ਹੈ, ਉਹ ਸੌਦਾ ਹੈ. ਇਸ ਨੂੰ ਬਾਦੀ (ਵਾਤ) ਸਮਝੋ....
ਦੇਖੋ, ਪਥੁ ੨. ਅਤੇ ਪਥ੍ਯ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਦੇਖੋ, ਅਮ੍ਰਿਤਸਰ। ੨. ਸਤਸੰਗ. ਸਾਧੁ ਸਮਾਜ. "ਅੰਮ੍ਰਿਤਸਰੁ ਸਿਫਤੀ ਦਾ ਘਰੁ." (ਸਵਾ ਮਃ ੩) ੩. ਮੁਕਿਤ ਦਾ ਸਰੋਵਰ. "ਸਤਿਗੁਰੁ ਹੈ ਅੰਮ੍ਰਿਤਸਰ ਸਾਚਾ." (ਮਾਝ ਅਃ ਮਃ ੩) ੪. ਆਤਮਗ੍ਯਾਨ। ੫. ਆਤਮ ਸ੍ਵਰੂਪ. "ਕਾਇਆ ਅੰਦਰਿ ਅਮ੍ਰਿਤਸਰ ਸਾਚਾ." (ਮਾਰੂ ਸੋਲਹੇ ਮਃ ੩)...
ਕ੍ਰਿ. ਵਿ- ਤਥ- ਕਿ. ਤਿਸ ਕਰਕੇ। ੨. ਤੱਕ (ਦੇਖ) ਕੇ....
ਅ਼. [خالسہ] ਖ਼ਾਲਿਸਹ. ਵਿ- ਸ਼ੁੱਧ। ੨. ਬਿਨਾ ਮਿਲਾਵਟ. ਨਿਰੋਲ. "ਕਹੁ ਕਬੀਰ ਜਨ ਭਏ ਖਾਲਸੇ¹ ਪ੍ਰੇਮਭਗਤਿ ਜਿਹ ਜਾਨੀ." (ਸੋਰ) ੩. ਸੰਗ੍ਯਾ- ਉਹ ਜਮੀਨ ਜਾਂ ਮੁਲਕ, ਜੋ ਬਾਦਸ਼ਾਹ ਦਾ ਹੈ. ਜਿਸ ਪੁਰ ਕਿਸੇ ਜਾਗੀਰਦਾਰ ਅਥਵਾ ਜਿਮੀਦਾਰ ਦਾ ਸ੍ਵਤ੍ਵ ਨਹੀਂ। ੪. ਅਕਾਲੀ ਧਰਮ. ਵਾਹਗੁਰੂ ਜੀ ਕਾ ਖਾਲਸਾ. ਸਿੰਘ ਪੰਥ। ੫. ਖਾਲਸਾਧਰਮਧਾਰੀ ਗੁਰੁ ਨਾਨਕ ਪੰਥੀ.#"ਜਾਗਤਜੋਤਿ ਜਪੈ ਨਿਸ ਬਾਸਰ#ਏਕ ਬਿਨਾ ਮਨ ਨੈਕ ਨ ਆਨੈ,#ਪੂਰਨ ਪ੍ਰੇਮ ਪ੍ਰਤੀਤਿ ਸਜੈ#ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ,#ਤੀਰਥ ਦਾਨ ਦਯਾ ਤਪ ਸੰਜਮ,#ਏਕ ਬਿਨਾ ਨਹਿ ਨੈਕ ਪਛਾਨੈ,#ਪੂਰਨਜੋਤਿ ਜਗੈ ਘਟ ਮੈ#ਤਬ ਖਾਲਸਾ ਤਾਹਿ ਨਖਾਲਸ ਜਾਨੈ.#(੩੩ ਸਵੈਯੇ)#ਵਾਕ ਕੀਓ ਕਰਤਾਰ ਸੰਤਨ ਲੀਓ ਬਿਚਾਰ#ਸੁਪਨੇ ਸੰਸਾਰ ਤਾਂਹਿ ਕਾਹਿ ਲਪਟਾਈਏ,#ਬਿਖਿਨ ਕੋ ਤਜੋ ਨੇਹ ਸ਼੍ਰੀਗੁਰੁ ਕੀ ਸਿੱਖ ਲੇਹ#ਨਾਸੈ ਛਿਨ ਮਾਂਹਿ ਦੇਹ ਯਮਪੁਰੀ ਜਾਈਏ,#ਸੀਸ ਨ ਮੁੰਡਾਓ ਮੀਤ! ਹੁੱਕਾ ਤਜ ਭਲੀ ਰੀਤਿ#ਪ੍ਰੇਮ ਪ੍ਰੀਤਿ ਮਨ ਕਰ ਸ਼ਬਦ ਕਮਾਈਏ,#ਜੀਵਨ ਹੈ ਦਿਨ ਚਾਰ ਦੇਖ ਬੂਝ ਕੈ ਬਿਚਾਰ#ਵਾਹਗੁਰੂ ਗੁਰੂ ਜੀ ਕਾ ਖਾਲਸਾ ਕਹਾਈਏ.#(ਗੁਰੁਸੋਭਾ)#ਖਾਲਸਾ ਹਮਾਰੀ ਸੌਜ ਖਾਲਸਾ ਹਮਾਰੀ ਮੌਜ#ਖਾਲਸਾ ਹਮਾਰੀ ਫੌਜ ਜੀਤ ਕੀ ਨਿਸ਼ਾਨੀ ਹੈ,#ਖਾਲਸਾ ਹਮਾਰੀ ਚਾਲ ਖਾਲਸਾ ਹਮਾਰੀ ਢਾਲ#ਖਾਲਸਾ ਹਮਾਰੀ ਘਾਲ ਭੋਗ ਮੋਖ ਦਾਨੀ ਹੈ,#ਖਾਲਸਾ ਹਮਾਰੀ ਜਾਨ ਖਾਲਸਾ ਹਮਾਰੀ ਆਨ#ਖਾਲਸਾ ਹਮਾਰੀ ਖਾਨ ਮੋਦ ਕੀ ਸੁਹਾਨੀ ਹੈ,#ਖਾਲਸਾ ਹਮਾਰੀ ਜਾਤਿ ਖਾਲਸਾ ਹਮਾਰੀ ਪਾਤਿ#ਸ੍ਰੀ ਗੁਰੂ ਗੋਬਿੰਦ ਸਿੰਘ ਬਾਨੀ ਯੌਂ ਬਖਾਨੀ ਹੈ,#(ਸੰਤ ਨਿਹਾਲ ਸਿੰਘ)#ਪੂਜਾ ਏਕ ਅਦ੍ਵਯ ਅਕਾਲ ਕੀ ਹੈ ਇਸ੍ਟ ਜਹਾਂ#ਸਤ੍ਯਨਾਮ ਵਾਹਗੁਰੂ ਜਾਪ ਮੁਕ੍ਤਮਾਲ ਸਾ,#ਬਾਨੀਗੁਰੁ ਗਾਯਬੇ ਕੋ ਸੂਧੀ ਗੁਰੂਗ੍ਰੰਥ ਜੂ ਕੀ#ਖਾਯਬੇ ਕੋ ਭੋਜਨ ਕੜਾਹ ਨਕ੍ਦ ਮਾਲ ਸਾ,#ਕਹੈ "ਤੋਖਹਰਿ" ਭਏ ਚਾਰੋਂ ਹੀ ਬਰਨ ਏਕ#ਦਰਨ ਮਲੇਛਨ ਕੋ ਧਾਰ੍ਯੋ ਵਪੁ ਕਾਲ ਸਾ,#ਦ੍ਵੈਮਤ ਕੋ ਸਾਲ² ਸਾ ਨਿਰਾਲਸਾ ਧਰਮ ਨੀਤਿ#ਲਾਲਸਾ³ ਭਰਨ ਧਨ੍ਯ ਭਯੋ ਪੰਥ ਖਾਲਸਾ....
ਸੰ. ਸੰਗ੍ਯਾ- ਮੋਤ. ਮ੍ਰਿਤ੍ਯੁ. ਦੇਖੋ, ਮਾਰਿ ੨। ੨. ਜੋ ਲੋਕਾਂ ਨੂੰ ਮਾਰ ਸਿਟਦਾ ਹੈ, ਕਾਮਦੇਵ. ਅਨੰਗ. "ਰਦ੍ਰ ਜਿਮ ਮਾਰ ਪਰ." (ਗੁਪ੍ਰਸੂ) ੩. ਸ਼ਿਕਾਰ. "ਮਾਰ ਪਰ ਸਿੰਘ ਹੈ." (ਗੁਪ੍ਰਸੂ) ੪. ਪ੍ਰਹਾਰ. ਆਘਾਤ. ਤਾੜਨ ਦੀ ਕ੍ਰਿਯਾ. "ਏਤੀ ਮਾਰ ਪਈ ਕੁਰਲਾਣੇ." (ਆਸਾ ਮਃ ੧) "ਸਿਮਰਤ ਰਾਮ ਨਾਹੀ ਜਮਮਾਰ." (ਗਉ ਮਃ ੫) ੫. ਵਿਘਨ। ੬. ਜ਼ਹਿਰ. ਵਿਸ. "ਇਸ ਕੋ ਮਾਰ ਗਾਢ ਬਹੁ ਹੋਈ." (ਨਾਪ੍ਰ) ੭. ਲਾਟਾ. ਅਗਨਿ ਦੀ ਸ਼ਿਖਾ. "ਪੌਨ ਦੀਪਮਾਰ ਪਰ." (ਗੁਪ੍ਰਸੂ) ੮. ਬੌੱਧਮਤ ਅਨੁਸਾਰ ਵਾਸਨਾ ਦਾ ਨਾਮ ਮਾਰ ਹੈ। ੯. ਫ਼ਾ. [مار] ਸਰਪ. "ਵੈਨਤੇਯ ਮਾਰ ਪਰ." (ਗੁਪ੍ਰਸੂ) ੧੦. ਬੀਮਾਰੀ. ਰੋਗ। ੧੧. ਦੇਖੋ, ਮਾਰਗਣ....
ਸੰਗ੍ਯਾ- ਧਨਹਾਰ ਟੋਲਾ. ਡਾਕੂਆਂ ਦੀ ਮੰਡਲੀ। ੨. ਡਾਕੂਆਂ ਦਾ ਹ਼ਮਲਾ. ਲੁਟੇਰਿਆਂ ਦਾ ਧਾਵਾ....
ਸੰਗ੍ਯਾ- ਸੀਤਲਤਾ। ੨. ਮਨ ਦਾ ਠਹਿਰਾਉ। ੩. ਵਿਸ਼੍ਰਾਮ। ੪. ਅਮਨ. ਚੈਨ. "ਸ਼ਾਂਤਿ ਪਾਈ ਗੁਰਿ ਸਤਿਗੁਰਿ ਪੂਰੇ." (ਬਿਲਾ ਮਃ ੫).¹ ੫. ਦੇਖੋ, ਸ਼ਾਂਤ ੭....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਕਪੂਰ. ਸੰਗ੍ਯਾ- ਕਾਫ਼ੂਰ. ਇੱਕ ਬਿਰਛ ਅਤੇ ਉਸ ਦੇ ਰਸ ਤੋਂ ਤਿਆਰ ਕੀਤਾ ਚਿੱਟਾ ਸੁਗੰਧ ਵਾਲਾ ਪਦਾਰਥ, ਜੋ ਹਵਾ ਵਿੱਚ ਉਡ ਜਾਂਦਾ ਹੈ ਅਤੇ ਅੱਗ ਵਿੱਚ ਘੀ ਦੀ ਤਰਾਂ ਜਲਦਾ ਹੈ. ਇਸ ਨੂੰ ਆਰਤੀ ਦੇ ਸਮੇਂ ਭੀ ਜਲਾਉਂਦੇ ਹਨ. ਇਹ ਬਹੁਤ ਦਵਾਈਆਂ ਵਿੱਚ ਵਰਤੀਦਾ ਹੈ. Camphora Officinarum.#ਇਸ ਦੀ ਤਾਸੀਰ ਸਰਦ ਖੁਸ਼ਕ ਹੈ. ਕਪੂਰ ਦਿਲ ਦਿਮਾਗ ਨੂੰ ਤਾਕਤ ਦਿੰਦਾ ਹੈ. ਨਜ਼ਲੇ ਅਤੇ ਖੰਘ ਨੂੰ ਹਟਾਉਂਦਾ ਹੈ. ਫੇਫੜੇ ਦੇ ਰੋਗਾਂ ਵਿੱਚ ਵਰਤਣਾ ਗੁਣਕਾਰੀ ਹੈ. ਜਿਗਰ ਦੀ ਜਲਨ ਅਤੇ ਪਿਆਸ ਬੁਝਾਉਂਦਾ ਹੈ. ਨੀਂਦ ਲਿਆਉਂਦਾ ਹੈ। ੨. ਇੱਕ ਖਤ੍ਰੀ ਗੋਤ੍ਰ। ੩. ਦਸਮਗ੍ਰੰਥ ਵਿੱਚ ਲਿਖਾਰੀ ਦੀ ਭੁੱਲ ਨਾਲ ਕਰਪੂਰ ਦੀ ਥਾਂ ਕਪੂਰ ਲਿਖਿਆ ਹੈ. ਦੇਖੋ, ਕਰਪੂਰ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਦੇਖੋ, ਨਬਾਬ....
ਅ਼. [وقالت] ਸੰਗ੍ਯਾ- ਵਕੀਲ ਦਾ ਕਰਮ. ਦੂਤ ਦਾ ਕੰਮ। ੨. ਅਦਾਲਤ ਵਿੱਚ ਕਿਸੇ ਫ਼ਰੀਕ਼ ਵੱਲੋਂ ਬਹਸ ਕਰਨ ਦਾ ਪੇਸ਼ਾ....
ਪੂਰਣ ਕੀਤੀ. "ਪੂਰੀ ਆਸਾ ਜੀ ਮਨਸਾ ਮੇਰੇ ਰਾਮ." (ਵਡ ਛੰਤ ਮਃ ੫) ੨. ਪੂਰਣ. ਨ੍ਯੂਨਤਾ ਰਹਿਤ. "ਪੂਰੀ ਹੋਈ ਕਰਾਮਾਤਿ." (ਵਾਰ ਰਾਮ ੩) ੩. ਸੰਗ੍ਯਾ- ਤਸੱਲੀ. "ਭਨਤਿ ਨਾਨਕ ਮੇਰੀ ਪੂਰੀ ਪਰੀ." (ਗਉ ਮਃ ੫) ੪. ਘੀ ਵਿੱਚ ਤਲੀ ਰੋਟੀ. ਪੂਰਿਕਾ. ਪੂਰੀ. ਸੰ. ਪੂਪਲਾ। ੫. ਮ੍ਰਿਦੰਗ ਢੋਲ ਆਦਿ ਦੇ ਮੂੰਹ ਤੇ ਮੜ੍ਹਿਆ ਹੋਇਆ ਗੋਲ ਚਮੜਾ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਸੰ. ਇਤਿ- ਹ- ਆਸ. ਐਸਾ ਪ੍ਰਸਿੱਧ ਥਾਂ. ਅਰਥਾਤ- ਅਜੇਹਾ ਗ੍ਰੰਥ ਜਿਸ ਵਿੱਚ ਬੀਤੀ ਹੋਈ ਘਟਨਾ ਦਾ ਕ੍ਰਮ ਅਨੁਸਾਰ ਜਿਕਰ ਹੋਵੇ. ਤਵਾਰੀਖ਼. ਹਿਸਟਰੀ (History)....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਸੰ. ਵਿ- ਬਹੁਤ ਦਿਨ ਦਾ। ੨. ਕ੍ਰਿ. ਵਿ- ਬਹੁਤ ਸਮੇਂ ਤੀਕ। ੩. ਸੰਗ੍ਯਾ- ਦੇਰੀ. ਢਿੱਲ....
ਦੇਖੋ, ਲਹੌਰ....
ਸੰ. ਕੋਟਪਾਲ। ੨. ਸ਼ਹਿਰ ਦੀ ਰਖ੍ਯਾ ਕਰਨ ਵਾਲਾ ਅਹੁਦੇਦਾਰ। ੩. ਮੁਗ਼ਲਰਾਜ ਸਮੇਂ ਕੋਤਵਾਲ ਅਦਾਲਤੀ Magistrate. ਭੀ ਹੁੰਦਾ ਸੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਸ਼ਹੀਦੀ ਅਸਥਾਨ. ਉਹ ਥਾਂ, ਜਿੱਥੇ ਸ਼ਹੀਦ ਦਾ ਸਮਾਰਕ ਮੰਦਿਰ ਅਥਵਾ ਕੋਈ ਚਿੰਨ੍ਹ ਹੋਵੇ. ਸਿੱਖਾਂ ਦੇ ਅਨੰਤ ਸ਼ਹੀਦਗੰਜ ਹਨ, ਪਰ ਵਿਸ਼ੇਸ ਪ੍ਰਸਿੱਧ ਇਹ ਹਨ-#੧. ਅਮ੍ਰਿਤਸਰ ਜੀ ਸਰੋਵਰ ਦੇ ਦੱਖਣ ਵੱਲ ਅਨੇਕ ਸ਼ੂਰਵੀਰ ਸਿੰਘਾਂ ਦਾ.#੨. ਅਕਾਲਬੁੰਗੇ ਪਾਸ ਬਾਬਾ ਗੁਰੁਬਖਸ ਸਿੰਘ ਜੀ ਦਾ.#੩. ਰਾਮਸਰ ਪਾਸ ਬਾਬਾ ਦੀਪ ਸਿੰਘ ਜੀ ਦਾ.#੪. ਗੁਰੂ ਕੇ ਬਾਗ ਥੜੇ ਪਾਸ ਬਾਬਾ ਬਸੰਤ ਸਿੰਘ ਜੀ ਦਾ ਅਤੇ ਬਾਬਾ ਹੀਰਾ ਸਿੰਘ ਜੀ ਦਾ.#੫. ਰਾਮਗੜ੍ਹੀਆਂ ਦੇ ਕਟੜੇ ਅਨੇਕ ਸ਼ੂਰਵੀਰ ਸਿੰਘਾਂ ਦਾ.#੬. ਜਮਾਦਾਰ ਦੀ ਹਵੇਲੀ ਪਾਸ ਖੋਸਲੇ ਖਤ੍ਰੀਆਂ ਦੀ ਗਲੀ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਫੌਜਦਾਰ ਭਾਈ ਤੋਤਾ ਤਿਲੋਕਾ ਆਦਿ ਤੇਰਾਂ ਸਿੱਖਾਂ ਦਾ.#੭. ਆਨੰਦ ਪੁਰ ਵਿੱਚ "ਤਾਰਾਗੜ੍ਹ" ਅਤੇ "ਫਤੇ ਗੜ੍ਹ" ਨਾਮੇ ਸ਼ਹੀਦੀ ਗੰਜ ਹਨ.#੮. ਸਰਹਿੰਦ ਵਿੱਚ ਫਤੇਗੜ੍ਹ ਨਾਮੇ ਛੋਟੇ ਸਾਹਿਬਜ਼ਾਦਿਆਂ ਦਾ ਅਤੇ ਸ਼ਾਹਬੂਅਲੀ ਦੇ ਮਕਬਰੇ ਪਾਸ ਅਨੇਕ ਸ਼ੂਰਵੀਰ ਸਿੰਘਾਂ ਦਾ.#੯. ਮੁਕਤਸਰ ਦੇ ਸਰੋਵਰ ਦੇ ਕਿਨਾਰੇ ਪਰੋਪਕਾਰੀ ਭਾਈ ਮਹਾਂ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀ ੩੯ ਸਿੰਘਾਂ ਦਾ.#੧੦ ਲਹੌਰ ਵਿੱਚ ਭਾਈ ਤਾਰੂ ਸਿੰਘ ਜੀ ਅਤੇ ਬਾਬਾ ਮਨੀ ਸਿੰਘ ਜੀ ਦਾ. xx ਆਦਿਕ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਦੇਖੋ, ਸਹਬਾਜ....
ਵ੍ਯ- ਸਹਿਤ. ਸਾਥ. ਮਿਲਿਆ ਹੋਇਆ....
ਚਰਖੜੀ. ਚਰਖ਼ੇ ਦੇ ਆਕਾਰ ਦਾ ਇੱਕ ਗੋਲ ਯੰਤ੍ਰ, ਜਿਸ ਤੇ ਅਪਰਾਧੀ ਦਾ ਅੱਧਾ ਸ਼ਰੀਰ ਬੰਨ੍ਹਕੇ ਅੱਧਾ ਖੁਲ੍ਹਾ ਲਟਕਦਾ ਰਹਿਣ ਦਿੱਤਾ ਜਾਂਦਾ ਸੀ. ਜਿਸ ਵੇਲੇ ਚਰਖ਼ੀ ਜ਼ੋਰ ਨਾਲ ਘੁਮਾਈ ਜਾਂਦੀ, ਤਦ ਲਟਕਦੇ ਹੋਏ ਅੰਗ ਝਟਕੇ ਨਾਲ ਚੂਰ ਹੋ ਜਾਂਦੇ. ਮੁਸਲਮਾਨਾਂ ਦੇ ਰਾਜ ਵਿੱਚ ਬਹੁਤ ਆਦਮੀ ਚਰਖ਼ੀ ਚਾੜ੍ਹਕੇ ਮਾਰੇ ਜਾਂਦੇ ਸਨ. ਵਕੀਲ ਸਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ ਆਦਿਕ ਅਨੇਕ ਸਿੰਘ ਤੁਰਕਾਂ ਨੇ ਇਸੇ ਯੰਤ੍ਰ ਨਾਲ ਮਾਰੇ. "ਚਾੜ੍ਹ ਚਰਖੜੀ ਮਾਰੋਂ ਦੁਖ ਦੈ ਭਾਰੈ." ਅਤੇ "ਸਿੰਘ ਚਰਖੀ ਪਰ ਚੜ੍ਹਵਾਏ". (ਪੰਪ੍ਰ) ੨. ਘੋੜੇ ਦੀ ਚਕਰੀ. ਚਕ੍ਰ ਵਾਂਙ ਘੋੜੇ ਦੇ ਘੁੰਮਣ ਦੀ ਕ੍ਰਿਯਾ. "ਚਰਖੀ ਫਿਰ ਗੇਰਹਿ ਅਸਵਾਰ." (ਗੁਪ੍ਰਸੂ) ੩. ਛੋਟਾ ਚਰਖਾ....
ਅ਼. [شہید] ਵਿ- ਸ਼ਹਾਦਤ ਦੇਣ ਵਾਲਾ. ਗਵਾਹ. ਸਾਕ੍ਸ਼ੀ (ਸਾਖੀ). ੨. ਸੰਗ੍ਯਾ- ਅਜੇਹਾ ਕੰਮ ਕਰਨ ਵਾਲਾ ਜਿਸ ਦੀ ਲੋਕ ਸਾਖੀ ਦੇਣ। ੩. ਧਰਮਯੁੱਧ ਵਿੱਚ ਜਿਸ ਨੇ ਜੀਵਨ ਅਰਪਿਆ ਹੈ। ੪. ਵਿ- ਸ਼ਹੀਦਾਂ ਦੀ ਮਿਸਲ ਦਾ. ਦੇਖੋ, ਸ਼ਹੀਦਾਂ ਦੀ ਮਿਸਲ....
ਦੇਖੋ, ਸਹਬਾਜ....